ਸਰਬਜੀਤ ਸਿੰਘ, ਰੂਪਨਗਰ : ਗਰਮੀ ਵੱਧਣ ਦੇ ਨਾਲ ਸ਼ਹਿਰ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਵਿਕਰਾਲ ਹੁੰਦੀ ਜਾ ਰਹੀ ਹੈ। ਪਿਛਲੇ ਦਿਨਾਂ ਤੋਂ ਸ਼ਹਿਰ ਵਿਚ ਗੰਦਾ ਪਾਣੀ ਸਪਲਾਈ ਹੋਣ ਅਤੇ ਕਈ ਮੁਹੱਲਿਆਂ 'ਚ ਪਾਣੀ ਦੀ ਸਪਲਾਈ ਬੰਦ ਹੋਣ ਕਰਕੇ ਹਾਹਕਾਰ ਮੱਚੀ ਹੋਈ ਹੈ। ਰੋਜ਼ਾਨਾ ਹੀ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਆਗੂ ਪੀਣ ਵਾਲੇ ਪਾਣੀ ਦੇ ਮੁੱਦੇ ਨੂੰ ਲੈ ਕੇ ਆਹਮੋ ਸਾਹਮਣੇ ਹੋ ਰਹੇ ਹਨ। ਜਿਸ ਨਾਲ ਸ਼ਹਿਰ ਵਿਚ ਪਾਣੀ ਦੀ ਮੁੱਦੇ ਨੂੰ ਲੈ ਕੇ ਖੂਬ ਸਿਆਸਤ ਹੋ ਰਹੀ ਹੈ। ਪਾਣੀ ਦੇ ਮੁੱਦੇ ਨੂੰ ਲੈ ਕੇ ਇਕ ਪਾਸੇ ਸਾਬਕਾ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਸਮੇਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਦੂਜੇ ਪਾਸੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਿਢੱਲੋਂ, ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਵਾਹੀ, ਪੋਮੀ ਸੋਨੀ, ਸਾਬਕਾ ਕੌਂਸਲਰ ਅਮਰਜੀਤ ਸਿੰਘ ਜੌਲੀ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਰਾਜੇਸ਼ ਕੁਮਾਰ, ਗੁਰਮੀਤ ਰਿੰਕੂ ਵਲੋਂ ਇਕ ਦੂਜੇ 'ਤੇ ਪਾਣੀ ਦੀ ਸਪਲਾਈ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਪ੍ਰਰੈਸ ਕਾਨਫਰੰਸਾਂ ਕਰਕੇ ਇੱਕ ਦੂਜੇ 'ਤੇ ਦੋਸ਼ ਲਗਾਏ ਗਏ ਹਨ। ਜਦਕਿ ਪਾਣੀ ਦਾ ਮੁੱਦਾ ਹੱਲ ਕਰਨ ਲਈ ਹਾਲੇ ਤੱਕ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਵੀ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ।

------------

ਨਗਰ ਕੌਂਸਲ ਦੀ ਹਰ ਮੀਟਿੰਗ 'ਚ 5 ਸਾਲ ਤੋਂ ਪਾਣੀ ਦਾ ਮੁੱਦਾ ਚੁੱਕਿਆ : ਅਮਰਜੀਤ ਜੌਲੀ

ਅੱਜ ਸ਼ਹਿਰ ਦੇ ਵਾਰਡ ਨੰਬਰ 12 ਅਤੇ 13 ਦੀ ਲਖਵਿੰਦਰਾ ਇਨਕਲੇਵ, ਗਹੂਣੀਆਂ ਇਨਕਲੇਵ ਵਿਖੇ ਅੱਜ 18 ਦਿਨ ਦੇ ਬਾਅਦ ਗੰਦਾ ਪਾਣੀ ਸਪਲਾਈ ਹੋਣ ਤੋਂ ਪਰੇਸ਼ਾਨ ਲੋਕਾਂ ਨੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਾਰਡ 13 ਦੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਜੌਲੀ, ਨੀਲਮ ਸਿੱਕਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਸ਼ਾਮ ਤੱਕ ਸਾਫ ਪਾਣੀ ਸਪਲਾਈ ਨਹੀਂ ਕੀਤਾ ਗਿਆ ਤਾਂ ਉਹ ਪਰਿਵਾਰਾਂ ਸਮੇਤ ਮੁੱਖ ਸੜਕਾਂ 'ਤੇ ਉਤਰਨਗੇ। ਗਰਮੀ ਦੇ ਮੌਸਮ ਵਿਚ ਗੰਦਾ ਪਾਣੀ ਸਪਲਾਈ ਹੋਣ ਨਾਲ ਵੱਡੀ ਦਿੱਕਤ ਆ ਰਹੀ ਹੈ। ਇਸ ਮੌਕੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਜੌਲੀ ਨੇ ਕਿਹਾ ਕਿ ਉਹ ਪਿਛਲੇ 5 ਸਾਲਾਂ ਵਿਚ ਨਗਰ ਕੌਂਸਲ ਦੀ ਹਰ ਮੀਟਿੰਗ ਵਿਚ ਪਾਣੀ ਦਾ ਮੁੱਦਾ ਚੁੱਕਦੇ ਰਹੇ ਹਨ ਪਰ ਨਗਰ ਕੌਂਸਲ ਤੇ ਸੀਵਰੇਜ ਬੋਰਡ ਵਲੋਂ ਪਾਣੀ ਦੀ ਸਪਲਾਈ ਦਾ ਹੱਲ ਨਹੀਂ ਕੀਤਾ ਗਿਆ। ਜੌਲੀ ਨੇ ਦੱਸਿਆ ਕਿ ਸੀਵਰੇਜ ਬੋਰਡ ਨੇ ਜੋ 24 ਇੰਚੀ ਦਾ ਪਾਈਪ ਪਾਉਣਾ ਹੈ, ਉਸ ਦਾ ਟੈਂਡਰ ਅੱਜ ਲਗਾਉਣਾ ਹੈ ਅਤੇ ਸਾਨੂੰ ਉਮੀਦ ਹੈ ਕਿ ਇਕ ਮਹੀਨੇ ਵਿਚ ਪਾਣੀ ਦੀ ਸਮੱਸਿਆ ਹੱਲ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਇਲਾਕੇ ਵਿਚ ਪਾਣੀ ਦੂਜੇ ਦਿਨ ਸਿਰਫ 1 ਘੰਟੇ ਲਈ ਆਉਂਦਾ ਹੈ ਅਤੇ ਬਾਕੀ ਗਿਆਨੀ ਜ਼ੈਲ ਸਿੰਘ ਨਗਰ ਤੇ ਹੋਰ ਇਲਾਕਿਆਂ ਵਿਚ ਪਾਣੀ 4 ਘੰਟੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਦੇ ਬਾਕੀ ਇਲਾਕੇ ਵਿਚ 4 ਘੰਟੇ ਪਾਣੀ ਦੀ ਸਪਲਾਈ ਆਉਂਦੀ ਹੈ ਤਾਂ ਵਾਰਡ 12 ਤੇ 13 ਨਾਲ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ। ਅਮਰਜੀਤ ਜੌਲੀ ਨੇ ਕਿਹਾ ਕਿ ਵਾਰਡ ਵਾਸੀ ਨਗਰ ਕੌਂਸਲ ਨੂੰ ਪਾਣੀ ਦਾ ਬਿੱਲ ਅਦਾ ਕਰਦੇ ਹਨ ਤਾਂ ਪਾਣੀ ਦੀ ਸਪਲਾਈ ਵੀ ਪੂਰੀ ਆਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਹਰ ਵਿਅਕਤੀ ਵਲੋਂ ਪਾਣੀ ਦਾ ਬਿੱਲ ਭਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਸਾਰਿਆਂ ਦੀ ਸਾਂਝੀ ਹੈ ਅਤੇ ਅਕਾਲੀ ਦਲ ਨੂੰ ਕਾਂਗਰਸ ਸਮੇਤ ਸਾਡੇ 'ਤੇ ਪਾਣੀ ਦੇ ਮੁੱਦੇ ਨੂੰ ਲੈ ਕੇ ਦੋਸ਼ ਨਹੀਂ ਲਗਾਉਣੇ ਚਾਹੀਦੇ ਕਿ ਪਾਣੀ ਦੀ ਸਪਲਾਈ ਇਨ੍ਹਾਂ ਵਲੋਂ ਹੀ ਬੰਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 50 ਪਾਣੀ ਦੇ ਟੈਂਕਰ ਹੋਣੇ ਚਾਹੀਦੇ ਹਨ, ਜਿਸ ਨਾਲ ਪਾਣੀ ਦੀ ਸਪਲਾਈ ਨਾ ਹੋਣ 'ਤੇ ਹਰ ਵਾਰਡ ਵਿਚ ਪਾਣੀ ਦਾ ਟੈਂਕਰ ਭੇਜਿਆ ਜਾ ਸਕੇ। ਜੌਲੀ ਨੇ ਕਿਹਾ ਕਿ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਸ਼ਹਿਰ ਵਿਚ ਵਾਟਰ ਸਪਲਾਈ ਤੇ ਸੀਵਰੇਜ ਲਈ 56 ਕਰੋੜ ਦਾ ਪ੍ਰਰੋਜੈਕਟ ਦਿੱਤਾ ਗਿਆ ਸੀ ਪਰ ਇਸ ਪੈਸੇ ਦਾ ਸਹੀ ਇਸਤੇਮਾਲ ਨਾ ਹੋਣ ਕਰਕੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ।

---------

ਕੀ ਕਹਿੰਦੇ ਹਨ ਕਾਰਜਕਾਰੀ ਅਧਿਕਾਰੀ

ਇਸ ਬਾਰੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਭਜਨ ਚੰਦ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ। ਜਲਦ ਹੀ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।