ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਆਪਣੀ ਬੇਬਾਕ ਗੱਲ ਕਹਿਣ ਵਿਚ ਮਸ਼ਹੂਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਪਿ੍ਰੰਸੀਪਲ :ਸੁਰਿੰਦਰ ਸਿੰਘ ਨੇ ਇਕ ਵਾਰ ਫਿਰ ਗੁਰੂ ਘਰਾਂ ਵਿਚ ਚਲ ਰਹੇ ਰੁਝਾਨ 'ਤੇ ਉਂਗਲ ਚੁਕਦਿਆਂ ਇਸ ਨੂੰ ਫਜੂਲ ਖਰਚਾ ਦਸ ਕੇ ਕੌਮੀ ਤੌਰ 'ਤੇ ਮਜ਼ਬੂਤ ਮੀਡੀਆ ਵਿਚ ਪਕੜ ਬਨਾਉਣ 'ਤੇ ਜ਼ੋਰ ਦਿਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਮੇਤ ਪੰਜ ਸ਼ਤਾਬਦੀਆਂ ਮਨਾਉਣ ਦੀ ਤਿਆਰੀ ਖਾਲਸਾ ਪੰਥ ਵਲੋਂ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਸਿੱਖ ਕੌਮ ਦੇ ਆਗੂ ਅਤੇ ਸੰਗਤਾਂ ਰਵਾਇਤੀ ਤੌਰ ਤੇ ਗੁਰੂ ਸਾਹਿਬ ਅਤੇ ਸ਼ਤਾਬਦੀਆਂ ਨਾਲ ਸਬੰਧਤ ਮਹਾਂਪੁਰਸ਼ਾਂ ਦੇ ਇਤਿਹਾਸਕ ਯਾਦਗਾਰਾਂ ਨੂੰ ਤਬਦੀਲ ਕਰਕੇ ਉਨ੍ਹਾਂ ਦੀ ਥਾਂ ਨਵੀਆਂ ਤੇ ਵੱਡੀਆਂ ਵੱਡੀਆਂ ਵਿਸ਼ਾਲ ਇਮਾਰਤਾਂ ,ਉਹਨਾਂ ਉੱਤੇ ਸੋਨੇ ਦੇ ਗੁੰਬਦ ,ਸੋਨੇ ਚਾਂਦੀ ਦੇ ਦਰਵਾਜ਼ੇ, ਸੋਨੇ ਦੀਆਂ ਪਾਲਕੀਆਂ ਅਤੇ ਸੋਨੇ ਦੇ ਚੌਰ ਆਦਕ ਤਿਆਰ ਕਰਨ ਦੀਆਂ ਸਕੀਮਾਂ ਸੋਚਦੇ ਹੋਣਗੇ। ਪਰ ਸੋਨਾ ਚਾਂਦੀ ਦਾ ਪਿਆਰ ਅਬਦਾਲੀ ਵਰਗੀਆਂ ਬਦਰੂਹਾਂ ਨੂੰ ਸੱਦਾ ਦਿੰਦਾ ਹੈ ਜਾਂ ਆਪਣੇ ਵਿੱਚੋਂ ਹੀ ਅਜਿਹੀਆਂ ਬਦਰੂਹਾਂ ਪੈਦਾ ਕਰ ਦਿੰਦਾ ਹੈ। ਕੌਮ ਨੂੰ ਅਜਿਹੇ ਫਜ਼ੂਲ ਖਰਚੀ ਦੇ ਪ੍ਰਰੋਗਰਾਮਾਂ ਦੀ ਥਾਂ ਕੌਮ ਦੀ ਚੜ੍ਹਦੀ ਕਲਾ ਵਾਲੇ ਪ੍ਰਰੋਗਰਾਮ ਉਲੀਕਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਸ਼ਤਾਬਦੀਆਂ ਮਨਾਉਣ ਤੋਂ ਪਹਿਲਾਂ ਕੌਮੀ ਪੱਧਰ ਤੇ ਸਿੱਖ ਸਮੱਸਿਆਵਾਂ ਦੀ ਸ਼ਨਾਖਤ ਕਰਨੀ ਜਰੂਰੀ ਹੈ। ਇਸ ਲਈ ਕੌਮ ਨੂੰ ਦਰਪੇਸ਼ ਸਮੱਸਿਆਵਾਂ ਵਿੱਚ ਸਿੱਖ ਨੌਜਵਾਨਾਂ ਦੀ ਬੇਰੁਜ਼ਗਾਰੀ , ਪਤਿਤਪੁਣਾ, ਧਰਮ ਤੋਂ ਬੇਮੁੱਖਤਾ, ਨਸ਼ਿਆਂ ਨਾਲ ਬਰਬਾਦੀ, ਸਿੱਖ ਕਿਸਾਨਾਂ ਦਾ ਉਜਾੜਾ, ਆਤਮ ਹੱਤਿਆਵਾਂ,ਸਿੱਖ ਸਭਿਆਚਾਰ ਦੀ ਤਬਾਹੀ, ਸਿੱਖ ਕਿਰਦਾਰ ਦਾ ਦੀਵਾਲਾ , ਸਿੱਖੀ ਜੀਵਨ ਜੁਗਤ, ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਪੱਖੋਂ ਹੋ ਰਹੀ ਅਣਗਹਿਲੀ, ਪੰਜਾਬੀਆਂ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਆਦਿ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਦੀ ਸ਼ਨਾਖ਼ਤ ਕਰਕੇ ਸਮੁੱਚੇ ਖਾਲਸਾ ਪੰਥ ਨੂੰ ਆਪਸੀ ਮਤਭੇਦ ਭੁਲਾ ਕੇ ਸਿਰ ਜੋੜ ਕੇ ਇਨ੍ਹਾਂ ਦੇ ਹੱਲ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਪਿ੍ਰੰ: ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਸਿੱਖ ਪੰਥ ਆਪਣੇ ਧਰਮ ਦੇ ਸਰਬ ਕਲਿਆਣਕਾਰੀ ਸਿਧਾਂਤਾਂ, ਫਲਸਫੇ ਤੇ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਪ੍ਰਚਾਰਨ ਤੇ ਪ੍ਰਸਾਰਣ ਵਿੱਚ ਸਭ ਤੋਂ ਪਿੱਛੇ ਰਹਿ ਗਿਆ ਹੈ। ਮੁਤੱਸਵੀ ਮੀਡੀਆ ਸਿੱਖਾਂ ਦੀ ਹਰ ਚੰਗੀ ਗੱਲ ਨੂੰ ਨਜ਼ਰ ਅੰਦਾਜ਼ ਕਰਕੇ ਨਾਕਾਰਾਤਮਕ ਪੱਖ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕਰਕੇ ਸਿੱਖ ਧਰਮ ਦੀ ਹੋਂਦ ਅਤੇ ਹਸਤੀ ਨੂੰ ਹਰ ਪੱਧਰ ਤੇ ਨੁਕਸਾਨ ਪਹੁੰਚਾ ਰਿਹਾ ਹੈ। ਅਜਿਹੇ ਲੋਕਾਂ ਦਾ ਮੂੰਹ ਤੋੜ ਉੱਤਰ ਦੇਣ ਲਈ ਸਿੱਖ ਪੰਥ ਨੂੰ ਇਲੈਕਟ੍ਰਾਨਿਕ ਅਤੇ ਪਿ੍ਰੰਟ ਮੀਡੀਏ ਵਿੱਚ ਆਪਣੀ ਪਕੜ ਮਜ਼ਬੂਤ ਕਰਨੀ ਚਾਹੀਦੀ ਹੈ। ਸਿੱਖ ਬੁੱਧੀਜੀਵੀਆਂ ਦੀ ਸਲਾਹ ਨਾਲ ਕੋਈ ਆਪਣਾ ਸ਼ਕਤੀਸ਼ਾਲੀ ਟੀ. ਵੀ ਚੈਨਲ ਸਥਾਪਿਤ ਕਰਨਾ ਚਾਹੀਦਾ ਹੈ ਜਿਸ ਦੇ ਰਾਹੀਂ ਵੱਖ ਵੱਖ ਭਾਸ਼ਾਵਾਂ ਵਿੱਚ ਸੰਸਾਰ ਪੱਧਰ ਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਸ਼ਾਨਾ ਮੱਤੇ ਇਤਿਹਾਸ ਨੂੰ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾ ਸਕੇ।