ਪਵਨ ਕੁਮਾਰ, ਪਰਮਜੀਤ ਅਬਿਆਣਾ, ਨੂਰਪੁਰ ਬੇਦੀ : ਲਾਕਡਾਊਨ ਦੌਰਾਨ ਲੋਕਾਂ ਨੂੰ ਕੋਈ ਰਾਹਤ ਤਾਂ ਕੀ ਦੇਣੀ ਸੀ, ਉਲਟਾ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ 'ਚ ਹਰ ਰੋਜ਼ ਵਾਧਾ ਕਰਕੇ ਦੇਸ਼ ਦੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਅਬਜ਼ਰਵਰ ਅਤੇ ਜ਼ਿਲ੍ਹਾ ਰੋਪੜ ਦੇ ਯੂਥ ਵਿੰਗ ਦੇ ਪ੍ਰਧਾਨ ਰਾਮ ਕੁਮਾਰ ਮੁਕਾਰੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਮੋਦੀ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਲੋਕ ਵਿਰੋਧੀ ਸਰਕਾਰ ਐਲਾਨਿਆ। ਉਨ੍ਹਾਂ ਕਿਹਾ ਇਕ ਪਾਸੇ ਲੋਕ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਨਾਲ ਤਰਾਹੀ-ਤਰਾਹੀ ਕਰ ਰਹੇ ਹਨ, ਦੂਜੇ ਪਾਸੇ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰੋਜ ਵਾਧਾ ਕਰਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ। ਮੁਕਾਰੀ ਨੇ ਮੋਦੀ ਸਰਕਾਰ ਨੂੰ ਲੋਟੂ ਤੇ ਲੋਕ ਵਿਰੋਧੀ ਸਰਕਾਰ ਦੱਸਦਿਆਂ ਕਿਹਾ ਸਰਕਾਰ ਕੋਲੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਸਰਕਾਰ ਵੱਡੇ-ਵੱਡੇ ਵਪਾਰੀ ਘਰਾਣਿਆ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ। ਅੰਤਰਰਾਸ਼ਟਰੀ ਬਜ਼ਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਵੀ ਮੋਦੀ ਸਰਕਾਰ ਨੇ ਲੋਕਾਂ ਨੂੰ ਮਹਿੰਗੇ ਮੁੱਲ ਦਾ ਤੇਲ ਖਰੀਦਣ ਲਈ ਮਜਬੂਰ ਕੀਤਾ ਅਤੇ ਕੀਮਤਾਂ ਵਿਚ ਰੋਜ਼ਾਨਾ ਵਾਧਾ ਕਰਕੇ ਲੋਕਾਂ ਦੀ ਅੰਨੇਵਾਹ ਲੁੱਟ ਕੀਤੀ ਜਾ ਰਹੀ ਹੈ।

ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈਕਿਸ਼ਨ ਰੋੜੀ ਨੇ ਕਿਹਾ ਮੋਦੀ ਸਰਕਾਰ ਤੇਲ ਕੰਪਨੀਆਂ ਨਾਲ ਮਿਲ ਕੇ ਲਗਾਤਾਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਅੰਨੇਵਾਹ ਦੇਸ਼ ਦੀ ਜਨਤਾ ਦੀ ਲੁੱਟ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਪਿਛਲੇ ਛੇ ਸਾਲਾਂ ਤੋਂ ਕੇਂਦਰ ਵਿਚ ਰਾਜ ਕਰਦਿਆਂ ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਜੋ ਕਿ ਆਪਣੇ ਕਿਸਾਨ ਹੋਣ ਤੇ ਮਾਣ ਕਰਦਾ ਸੀ ਅੱਜ ਭੁੱਖਮਰੀ ਅਤੇ ਕਰਜ਼ਿਆਂ ਹੇਠ ਦੱਬਿਆ ਪਿਆ ਹੈ । ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਅਸਲ ਵਿਚ ਨਰਿੰਦਰ ਮੋਦੀ ਦੀ ਸਰਕਾਰ ਮਹਿੰਗਾਈ ਦੇ ਮੁੱਦੇ 'ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਆਮ ਆਦਮੀ ਦੋ ਡੰਗਾਂ ਦੀ ਰੋਟੀ ਤੋ ਵੀ ਮੁਥਾਜ ਹੈ। ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਅਗਰ ਹਾਲਾਤ ਕਾਬੂ ਨਾ ਕੀਤੇ ਗਏ ਤਾਂ ਤੰਗ ਹੋਏ ਲੋਕ ਸੜਕਾਂ 'ਤੇ ਉਤਰਕੇ ਇਸ ਤਾਨਾਸ਼ਾਹੀ ਰਾਜ ਵਿਰੁੱਧ ਅੰਦੋਲਨ ਕਰਨ ਲਈ ਮਜਬੂਰ ਹੋ ਜਾਣਗੇ।