ਸਰਬਜੀਤ ਸਿੰਘ, ਰੂਪਨਗਰ : ਜੰਗਲਾਤ ਵਿਭਾਗ ਦੇ ਡਵੀਜ਼ਨ ਰੋਪੜ ਦੇ ਵਰਕਰਾਂ ਦੀ ਚਾਰ ਮਹੀਨੇ ਦੀ ਤਨਖ਼ਾਹ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਆਲ ਇੰਡੀਆ ਮਜ਼ਦੂਰ ਦਲ ਦੇ ਕੌਮੀ ਪ੍ਰਧਾਨ ਤੇ ਮੁਲਾਜ਼ਮ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਦੀ ਅਗਵਾਈ ਹੇਠ ਜੰਗਲਾਤ ਵਿਭਾਗ ਦੇ ਡੀਐੱਫਓ ਦਫਤਰ ਵਿਖੇ ਧਰਨਾ ਦਿੱਤਾ ਗਿਆ।

ਇਸ ਦੌਰਾਨ ਪੰਜਾਬ ਸਰਕਾਰ ਅਤੇ ਵਣ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਸਾਲ ਦੀ ਬਕਾਇਆ ਤਨਖ਼ਾਹ ਜਾਰੀ ਕਰਨ ਦੀ ਮੰਗ ਕੀਤੀ। ਪ੍ਰਧਾਨ ਗੁਰਦੀਪ ਸਿੰਘ ਢੀਂਗੀ ਨੇ ਦੱਸਿਆ ਕਿ ਇਸ ਸਾਲ ਜੂਨ, ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਦੀ ਤਨਖਾਹ ਵਰਕਰਾਂ ਨੂੰ ਜਾਰੀ ਨਹੀਂ ਕੀਤੀ ਗਈ ਹੈ। ਜਿਸ ਕਾਰਨ ਵਰਕਰਾਂ ਨੂੰ ਵੱਡੀ ਘਰੇਲੂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਐੱਫਓ ਦਫਤਰ ਅੱਗੇ ਅੱਜ ਧਰਨੇ ਦੌਰਾਨ ਵਰਕਰਾਂ ਦੀ ਤਨਖਾਹ ਦਿਵਾਲੀ ਤੋਂ ਪਹਿਲਾਂ ਜਾਰੀ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਚਾਰ ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਵਰਕਰ ਵੱਡੀ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਘਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ। ਧਰਨੇ ਦੌਰਾਨ ਸੁਰਜੀਤ ਸਿੰਘ ਸੈਣੀ ਦਫਤਰ ਸਕੱਤਰ ਮੁਲਾਜ਼ਮ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਜ਼ਿਲ੍ਹਾ ਰੋਪੜ ਦੇ ਕਰਮਚਾਰੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਵਰਕਰਾਂ ਦੀ ਤਨਖਾਹ ਜਾਰੀ ਕੀਤੀ ਜਾਵੇ ਅਤੇ ਜੋ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਮੇਵਾ ਸਿੰਘ ਸੀਨੀਅਰ ਮੀਤ ਪ੍ਰਧਆਨ ਪੰਜਾਬ, ਸ਼ੇਰ ਸਿੰਘ ਸਰਸਾ ਨੰਗਲ ਜਨਰਲ ਸਕੱਤਰ, ਸੇਵਾ ਸਿੰਘ ਬੀਕਾਪੁਰ, ਰਾਮਚੰਦ, ਕਰਮਜੀਤ ਸਿੰਘ, ਪ੍ਰਰੇਮ ਚੰਦ, ਸ਼ਾਮ ਸਿੰਘ ਨੇ ਸੰਬੋਧਨ ਕੀਤਾ।