ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਪਿਛਲੇ ਬਹੁਤ ਲੰਮੇ ਸਮੇ ਤੋਂ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦਾ ਸੰਤਾਪ ਭੋਗ ਰਹੇ ਇਲਾਕੇ ਦੇ ਲੋਕਾਂ ਲਈ ਆਸ ਦੀ ਕਿਰਨ ਚਮਕੀ ਹੈ। ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਯਤਨਾਂ ਸਦਕਾ ਇਸ ਸੜਕ ਦੇ ਨਿਰਮਾਣ ਲਈ ਟੈਂਡਰ ਲੱਗ ਚੁੱਕਾ ਹੈ ਤੇ ਜਲਦ ਹੀ ਕੰਮ ਸ਼ੁਰੂ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਸੀਨੀਅਰ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਕੌਂਸਲਰ ਨਰਿੰਦਰ ਸਿੰਘ ਨਿੰਦਾ, ਬਲਬੀਰ ਸਿੰਘ ਚਾਨਾ, ਬਲਬੀਰ ਸਿੰਘ ਭੀਰੀ ਅਤੇ ਐੱਸਐੱਸ ਬੋਰਡ ਮੋਹਾਲੀ ਦੇ ਮੈਂਬਰ ਅਮਰਜੀਤ ਸਿੰਘ ਵਾਲੀਆ ਨੇ ਕੀਤਾ।

ਉਨ੍ਹਾਂ ਕਿਹਾ ਕਿ ਭਾਵੇਂ ਇਸ ਸੜਕ ਨੂੰ ਨਵਿਆਉਣ ਦੇ ਐਲਾਨ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਵੀ ਕੀਤਾ ਸੀ ਪਰ ਆਪਣੇ ਕਾਰਜਕਾਲ ਦੌਰਾਨ ਸਰਕਾਰ ਨੇ ਆਪਣਾ ਵਾਅਦਾ ਵਫ਼ਾ ਨਾ ਕੀਤਾ ਪਰ ਰਾਣਾ ਕੇਪੀ ਸਿੰਘ ਦੇ ਲਗਾਤਾਰ ਯਤਨਾਂ ਨੂੰ ਬੂਰ ਪਿਆ ਤੇ ਹੁਣ ਇਸ ਸੜਕ ਲਈ 21 ਕਰੋੜ ਦਾ ਟੈਂਡਰ ਲੱਗ ਗਿਆ ਹੈ। ਆਗੂਆਂ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਹਿਤੈਸ਼ੀ ਕਹਾਉਣ ਵਾਲੇ ਸਾਬਕਾ ਸਾਂਸਦ ਪੋ੍:ਪ੍ਰਰੇਮ ਸਿੰਘ ਚੰਦੂਮਾਜਰਾ ਵੱਲੋਂ ਐਨ ਚੋਣਾਂ ਦੇ ਨੇੜੇ ਜਾਣਬੁੱਝ ਕੇ ਇਸ ਸੜਕ ਦਾ ਨੀਂਹ ਪੱਥਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲੋਂ ਰਖਵਾ ਕੇ ਚੋਣਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਅਫਸੋਸ ਨਾ ਪ੍ਰਰੋ. ਚੰਦੂਮਾਜਰਾ ਜਿੱਤ ਸਕੇ ਤੇ ਨਾ ਹੀ ਇਹ ਸੜਕ ਬਣਾ ਸਕੀ। ਹੁਣ ਕਾਂਗਰਸ ਦੀ ਸਰਕਾਰ ਵੱਲੋਂ ਆਪਣਾ ਵਾਅਦਾ ਪੁਗਾਉਂਦਿਆਂ ਇਸ ਸੜਕ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਨਾਲ ਸਮੁੱਚੇ ਇਲਾਕੇ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਤੋਂ ਇਸ ਸੜਕ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ।

ਉਨ੍ਹਾਂ ਕਿਹਾ ਕਿ ਇਸ ਸੜਕ ਰਾਹੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਵਿਰਾਸਤ ਏ ਖਾਲਸਾ ਅਤੇ ਨੈਣਾਂ ਦੇਵੀ ਮੰਦਰ ਦੇ ਦਰਸ਼ਨ ਕਰਨ ਲਈ ਸੰਗਤ ਆਉਂਦੀ ਹੈ ਪਰ ਅਕਾਲੀ ਸਰਕਾਰ ਵੱਲੋਂ ਵਾਰ -ਵਾਰ ਕਹਿਣ ਦੇ ਬਾਵਜੂਦ ਇਸ ਸੜਕ ਦਾ ਨਿਰਮਾਣ ਨਹੀ ਕਰਵਾਇਆ ਗਿਆ ਸੀ।

-----------

ਕਈ ਵਾਰ ਲੱਗੇ ਸੀ ਧਰਨੇ

ਇਹ ਵੀ ਕਾਬਿਲੇਗੌਰ ਹੈ ਕਿ ਇਸ ਸੜਕ ਦੀ ਰਿਪੇਅਰ ਨੂੰ ਲੈ ਕੇ ਇਲਾਕੇ ਵਿਚ ਸੰਘਰਸ਼ ਕਮੇਟੀ ਵੀ ਬਣਾਈ ਗਈ ਹੈ ਜਿਸ ਨੇ ਵੱਡੇ ਪੱਧਰ ਤੇ ਧਰਨਾ ਲਾ ਕੇ ਟ੍ਰੈਫਿਕ ਜਾਮ ਕੀਤਾ ਤੇ ਸੜਕ ਨੂੰ ਨਵਿਆਉਣ ਦੀ ਮੰਗ ਕੀਤੀ ਸੀ। ਧਰਨੇ 'ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਵਹੀਰਾਂ ਘੱਤ ਕੇ ਪੁੱਜੇ ਸਨ ਪਰ ਹੁਣ ਇਸ ਸੜਕ ਦੇ ਕੰਮ ਦੇ ਸ਼ੁਰੂ ਹੋਣ ਦੀ ਆਸ ਦੇਖ ਕੇ ਇਲਾਕੇ ਦੇ ਲੋਕ ਖੁਸ਼ ਹਨ।

----------

ਲੋਕਾਂ ਨੂੰ ਲੱਗ ਗਈਆਂ ਸਨ ਬੀਮਾਰੀਆਂ

ਇਸ ਸੜਕ ਦੇ ਆਸ ਪਾਸ ਰਹਿਣ ਵਾਲੇ ਲੋਕ ਸੜਕ ਤੋਂ ਉਡਦੀ ਧੂੜ ਮਿੱਟੀ ਕਾਰਨ ਬੀਮਾਰੀਆਂ ਨਾਲ ਿਘਰ ਗਏ ਸਨ ਤੇ ਸਾਹ ਦੀ ਬੀਮਾਰੀ ਨਾਲ ਪਰੇਸ਼ਾਨ ਸਨ। ਬਹੁਤ ਸਾਰੇ ਅਜਿਹੇ ਵੀ ਲੋਕ ਹਨ ਜੋ ਇਸ ਸੜਕ ਤੋਂ ਦੁਖੀ ਹੋ ਕੇ ਆਪਣੇ ਘਰ ਬਾਰ ਵੇਚ ਗਏ ਤੇ ਹੋਰ ਸ਼ਹਿਰਾਂ 'ਚ ਚਲੇ ਗਏ। ਸੜਕ ਦੀ ਮੰਦਹਾਲੀ ਇਲਾਕੇ ਦੀ ਮੁੱਖ ਮੰਗ ਬਣ ਚੁੱਕੀ ਸੀ।