ਲਖਵੀਰ ਖਾਬੜਾ, ਰੂਪਨਗਰ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਐੱਸਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਪੱਤਰਕਾਰਾਂ ਦੇ ਸਵਾਲਾਂ ਵਿਚ ਉਸ ਸਮੇਂ ਉਲਝ ਗਏ ਜਦੋਂ ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਨਾਲ ਜੁੜੇ ਸਵਾਲ ਪੁੱਛੇ ਗਏ ਜਿਸ ਕਾਰਨ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਨੂੰ ਪੂਰਾ ਨਾ ਕਰਨਾ ਹੀ ਚੰਗਾ ਸਮਿਝਆ। ਉਹ ਅੱਜ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਚਾਰ ਸਾਲਾਂ ਦੇ ਰਿਪੋਰਟ ਕਾਰਡ 'ਤੇ ਪ੍ਰਸ਼ਨ ਚਿੰਨ੍ਹ ਲਾਉਣ 'ਤੇ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਦੱਸਣ ਲਈ ਰੂਪਨਗਰ ਪ੍ਰੈੱਸ ਕਲੱਬ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਸਨ।

ਰਾਜੇਸ਼ ਬਾਘਾ ਤੋਂ ਜਦੋਂ ਪੱਤਰਕਾਰਾਂ ਨੇ ਕਿਸਾਨੀ ਨੂੰ ਲੈ ਕੇ ਸਵਾਲ ਪੁੱਛੇ ਤਾਂ ਉਹ ਸਹੀ ਜਵਾਬ ਨਾ ਦੇ ਸਕੇ। ਦਿਲਚਸਪ ਗੱਲ ਇਹ ਰਹੀ ਕਿ ਸੂਬਾ ਮੀਤ ਪ੍ਰਧਾਨ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਪੂਰੇ ਨਾਂ ਵੀ ਨਹੀ ਦੱਸ ਸਕੇ। ਰਾਜੇਸ਼ ਬਾਘਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਚਾਰ ਸਾਲਾਂ ਵਿਚ ਕੁਝ ਨਹੀਂ ਕੀਤਾ, ਜੇ ਕੀਤਾ ਹੈ ਤਾਂ ਸਿਰਫ ਤੇ ਸਿਰਫ ਮੁੱਖ ਮੰਤਰੀ ਨੇ ਘੁਟਾਲਿਆਂ ਵਿੱਚ ਆਏ ਮੰਤਰੀਆਂ ਨੂੰ ਕਲੀਨ ਚਿੱਟ ਦੇਣ ਦਾ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਾਗਰਸ ਨੇ ਨਾ ਹੀ ਪੰਜਾਬ ਵਿੱਚ ਕਿਸੇ ਨੌਜਵਾਨ ਨੂੰ ਨੌਕਰੀ ਦਿੱਤੀ ਹੈ ਤੇ ਨਾ ਹੀ ਕੋਈ ਹੋਰ ਸਹੂਲਤ। ਬਾਘਾ ਨੇ ਕਿਹਾ ਕਿ ਪੰਜਾਬ ਅੰਦਰ ਭਾਜਪਾ ਸਾਰੀਆਂ ਸੀਟਾਂ 'ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਖੜ੍ਹੇ

ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਅੰਦਰ ਕਾਂਗਰਸ ਸਰਕਾਰ ਦੇ ਚਾਰ ਸਾਲਾ ਰਿਪੋਰਟ ਕਾਰਡ ਦੇ ਝੂਠ ਦੀ ਪੰਡ ਨੂੰ ਪੰਜਾਬ ਦੀ ਜਨਤਾ ਨੂੰ ਮੀਡੀਆ ਰਾਹੀਂ ਜਾਣੂ ਕਰਵਾਉਣ ਲਈ ਕੰਮ ਕਰ ਰਹੀ ਹੈ ਤਾਂ ਕਿ ਲੋਕ ਸੱਚਾਈ ਤੋ ਜਾਣੂ ਹੋ ਸਕਣ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਅਠਵਾਲ ਦੀ ਅਗਵਾਈ ਵਿੱਚ ਬਾਘਾ ਤੇ ਹੋਰ ਆਗੂਆਂ ਸਨਮਾਨ ਕੀਤਾ ਗਿਆ।

ਓਧਰ ਬਾਘਾ ਦੀ ਪ੍ਰੈੱਸ ਕਾਨਫਰੰਸ ਦੀ ਖਬਰ ਦੀ ਸੂਚਨਾ ਮਿਲਦੇ ਹੀ ਕਿਸਾਨੀ ਸੰਘਰਸ਼ ਲੜ ਰਹੇ ਕਿਸਾਨ ਤੇ ਸੀਟੂ ਆਗੂ ਮਹਾ ਸਿੰਘ ਰੋੜੀ, ਗੁਰਦੇਵ ਸਿੰਘ ਬਾਗੀ, ਜੱਟ ਮਹਾ ਸਭਾ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆ ਪ੍ਰੈੱਸ ਕਲੱਬ ਪਹੁੰਚ ਗਏ। ਉਨ੍ਹਾਂ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਬਾਘਾ ਨੇ ਕਿਸਾਨ ਆਗੂਆਂ ਦੀ ਗੱਲ ਸੁਣੀ ਤੇ ਵਿਸ਼ਵਾਸ ਦਿੱਤਾ ਕਿ ਕਿਸਾਨਾਂ ਦਾ ਮਸਲਾ ਆਉਣ ਵਾਲੇ ਦਿਨਾਂ ਵਿੱਚ ਹੱਲ ਹੋ ਜਾਵੇਗਾ ਪਰ ਕਿਸਾਨ ਆਗੂ ਇਸ ਤੋਂ ਸੰਤੁਸ਼ਟ ਨਾ ਹੋਏ। ਸੀਟੂ ਆਗੂ ਮਹਾ ਸਿੰਘ ਰੋੜੀ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਕਿਸਾਨੀ ਸੰਘਰਸ਼ ਤੋ ਮੁੱਖ ਮੋੜਨ ਲਈ ਹੱਥਕੰਡੇ ਅਪਣਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਕਿਸਾਨ ਹੀ ਨਾ ਰਿਹਾ ਤਾਂ ਸਾਰਾ ਦੇਸ਼ ਰੋਟੀ ਕਿੱਥੋਂ ਖਾਵੇਗਾ।