ਸਟਾਫ ਰਿਪੋਰਟਰ, ਰੂਪਨਗਰ : ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਅਤੇ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰੇਲਵੇ ਟਰੈਕ ਉਪਰ ਬੈਠ ਕੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਇਸ ਰੇਲ ਰੋਕੋ ਧਰਨੇ ਨੂੰ ਵੱਖ ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ। ਕਿਸਾਨ ਆਗੂਆਂ ਨੇ ਖੇਤੀਬਾੜੀ ਦੇ ਤਿੰਨ ਕਾਲੇ ਕਾਨੂੰਨਾਂ ਬਾਰੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਅੜੀ ਛੱਡ ਕੇ ਕਿਸਾਨਾਂ ਦੀ ਗੱਲ ਪਹਿਲ ਦੇ ਆਧਾਰ ਤੇ ਸੁਣਨੀ ਚਾਹੀਦੀ ਹੈ ਅਤੇ ਤਿੰਨ ਕਾਲੇ ਕਨੂੰਨਾਂ ਰੱਦ ਕਰਕੇ ਐਮਐਸਪੀ ਦੀ ਗਰੰਟੀ ਲਈ ਕਾਨੂੰਨ ਬਣਾਉਣੇ ਚਾਹੀਦੇ ਹੈ। ਇਸ ਮੌਕੇ ਲਖੀਮਪੁਰ ਖੀਰੀ ਵਿਖੇ ਦਰਦਨਾਕ ਹਾਦਸੇ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿਤੀ ਗਈ। ਇਸ ਮੌਕੇ ਬੀਰ ਸਿੰਘ ਬੜਵਾ,ਧਰਮ ਸਿੰਘ ਨਿੱਕੂਵਾਲ, ਤਰਲੋਚਨ ਸਿੰਘ ਚੱਠਾ ਪ੍ਰਧਾਨ ਓਟ ਆਸਰਾ ਟਰੱਸਟ ਸ੍ਰੀ ਅਨੰਦਪੁਰ ਸਾਹਿਬ, ਜਸਪਾਲ ਜੱਸਾ, ਹਰਪ੍ਰਰੀਤ ਸਿੰਘ ਭੱਟੋਂ, ਮਲਵਿੰਦਰ ਸਿੰਘ ਹਜ਼ਾਰਾ, ਅਨੂਪ ਸਿੰਘ, ਤਰਲੋਚਨ ਬੱਢਲ , ਜੋਗਾ ਸਿੰਘ ਚੰਦਪੁਰ, ਰਘਵੀਰ ਸਿੰਘ ਹਰੀਵਾਲ, ਬੀਬੀ ਬਲਵੀਰ ਕੌਰ, ਸਰਬਜੀਤ ਕੌਰ, ਹਰਜਿੰਦਰ ਕੌਰ, ਜਰਨੈਲ ਕੌਰ, ਮਸਕੀਨ ਕੌਰ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।