ਸੁਰਿੰਦਰ ਸਿੰਘ ਸੋਨੀ, ਅਨੰਦਪੁਰ ਸਾਹਿਬ

ਕੁੱਲ ਹਿੰਦ ਕਿਸਾਨ ਸਭਾਵਾਂ ਤੇ ਸ਼ਹਿਰ ਦੀਆਂ ਖੇਤੀ ਨੂੰ ਪਿਆਰ ਕਰਨ ਵਾਲੇ ਸਮਾਜਸੇਵੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਨੇੜੇ ਰਵੀਦਾਸ ਧਰਮਸ਼ਾਲਾ ਵਿਖੇ ਮਨਜਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਫੈਂਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਦੇਸ਼ ਅੰਦਰ ਦਿੱਤੇ ਰੇਲ ਰੋਕੋ ਅੰਦੋਲਨ ਨੂੰ ਸਫ਼ਲ ਕੀਤਾ ਜਾਵੇਗਾ। ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ। ਹੁਣ ਤੱਕ 700 ਦੇ ਕਰੀਬ ਕਿਸਾਨ ਸ਼ਹੀਦੀਆਂ ਪ੍ਰਰਾਪਤ ਕਰ ਗਏ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ ਦੱਸਿਆ ਕਿ ਇਲਾਕੇ ਅੰਦਰ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਨੂੰ ਹੁਣ ਤੱਕ ਲੋਕਾਂ ਨੇ ਭਰਭੂਰ ਸਹਿਯੋਗ ਦਿੱਤਾ ਹੈ। ਹੁਣ 18 ਅਕਤੂਬਰ ਨੂੰ ਅਗੰਮਪੁਰ ਦੇ ਟੀ ਪੁਆਇੰਟ ਨੇੜੇ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਮੋਦੀ ਦੀ ਸਰਕਾਰ ਕਿਸਾਨਾਂ ਦਾ ਅੰਤ ਦੇਖ ਰਹੀ ਹੈ, ਪਰ ਕਿਸਾਨ ਸ਼ਾਂਤੀ ਪੂਰਵਕ ਢੰਗ ਨਾਲ ਲੜ ਰਹੇ ਹਨ। ਭਾਜਪਾ ਸਰਕਾਰ ਹਰ ਜ਼ਬਰ ਜ਼ੁਲਮ ਕਿਸਾਨਾਂ ਤੇ ਕਰ ਰਹੀ ਹੈ। ਰਾਮ ਪਾਲ ਤਾਰਾਪੁਰ ਨੇ ਕਿਹਾ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਇਹ ਭਾਜਪਾ ਦਾ ਅਸਲੀ ਫਾਸ਼ੀਵਾਦੀ ਚਿਹਰਾ ਨੰਗਾ ਹੋ ਗਿਆ ਹੈ। ਕਿਸਾਨ ਅੰਦੋਲਨ ਮੱਠਾ ਨਹੀਂ ਪੈਵੇਗਾ। ਸਗੋਂ ਅੱਗੇ ਵਧੇਗਾ।

ਮਨਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਲਾਕੇ ਦੇ ਲੋਕ ਜੋ ਖੇਤੀ ਨੂੰ ਪਿਆਰ ਕਰਦੇ ਹਨ ਉਹ 18ਅਕਤੂਬਰ ਨੂੰ ਜ਼ਰੂਰ ਭਾਗ ਲੈਣ। ਉਨਾਂ੍ਹ ਨੇ ਕਿਹਾ ਕਿ ਅੱਜ ਦੁਸਿਹਰੇ ਵਾਲੇ ਦਿਨ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੇ ਪੁਤਲੇ ਪਿੰਡ ਪਿੰਡ ਫ਼ੂਕਣ। ਇਸ ਮੌਕੇ ਤੇ ਨੰਦ ਕਿਸ਼ੋਰ, ਸੁਖਦੇਵ, ਜਰਨੈਲ ਸਿੰਘ ਭਸੀਨ, ਜਸਵਿੰਦਰ ਸਿੰਘ ਜੱਸੀ ਵੀ ਹਾਜ਼ਰ ਸਨ। ਮੀਟਿੰਗ ਤੋਂ ਪਹਿਲਾਂ ਸ਼ਹੀਦੀਆਂ ਪ੍ਰਰਾਪਤ ਕਰ ਗਏ ਕਿਸਾਨਾਂ ਤੇ ਜੰਮੂ-ਕਸ਼ਮੀਰ ਵਿਚ ਸ਼ਹੀਦ ਹੋਏ ਫੋਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।