ਅਭੀ ਰਾਣਾ, ਨੰਗਲ

ਕਿਸਾਨਾਂ ਵੱਲੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੀਆਂ, ਭਾਜਪਾ ਵਰਕਰਾਂ ਨਾਲ ਮੀਟਿੰਗਾਂ ਕਰਨੀਆਂ ਅੌਖੀਆਂ ਕਰ ਦਿੱਤੀਆਂ ਗਈਆਂ ਹਨ। ਜਿਵੇਂ ਹੀ ਕਿਸਾਨਾਂ ਨੂੰ ਸੂਹ ਲਗਦੀ ਹੈ ਕਿ ਮਦਨ ਮੋਹਨ ਮਿੱਤਲ ਹਲਕੇ 'ਚ ਕਿਸੇ ਭਾਜਪਾ ਦੇ ਘਰ ਮੀਟਿੰਗ ਕਰਨ ਜਾ ਰਹੇ ਹਨ। ਕਿਸਾਨ ਆਗੂਆਂ ਵੱਲੋਂ ਇਕੱਠੇ ਹੋ ਕੇ 'ਮਦਨ ਮੋਹਨ ਮਿੱਤਲ ਗੋ ਬੈਕ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਇਸੇ ਕੜੀ ਤਹਿਤ ਬੀਤੇ ਦਿਨੀਂ ਜਦੋਂ ਮਦਨ ਮੋਹਨ ਮਿੱਤਲ ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਬੇਲਾ ਧਿਆਨੀ ਵਿਖੇ ਆਪਣੇ ਵਰਕਰ ਦੇਵਰਾਜ ਦੇ ਘਰ ਮੀਟਿੰਗ ਕਰਨ ਗਏ ਤਾਂ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਪਿੰਡ ਬੇਲਾ ਧਿਆਨੀ ਵਿਖੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਵਿਰੋਧ 'ਚ ਪਿੰਡ ਵਾਸੀਆਂ ਨੇ ਵੀ ਕਿਸਾਨਾਂ ਦਾ ਪੂਰਾ ਸਾਥ ਦਿੱਤਾ। ਵਿਰੋਧ ਦੇ ਬਾਵਜੂਦ ਮਿੱਤਲ ਸਾਹਿਬ, ਸ਼ਾਮ ਕਰੀਬ ਸਾਢੇ ਛੇ ਵਜੇ ਤੋਂ ਸਾਢੇ ਸੱਤ ਵਜੇ ਤਕ ਆਪਣੇ ਵਰਕਰ ਦੇ ਘਰ ਬੈਠੇ ਰਹੇ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਿੱਤਲ ਨੂੰ ਉਕਤ ਪਿੰਡ ਵਿਚੋਂ ਬਾਹਰ ਜਾਣ 'ਚ ਮਦਦ ਕੀਤੀ। ਇਸ ਤੋਂ ਬਾਅਦ ਮਦਨ ਮੋਹਨ ਮਿੱਤਲ ਪਿੰਡ ਬਿਭੌਰ ਸਾਹਿਬ ਵਿਖੇ ਆਪਣੇ ਸਾਬਕਾ ਸਰਪੰਚ ਰਣਜੀਤ ਸਿੰਘ ਦੇ ਘਰ ਅੱਠ ਵਜੇ ਆ ਗਏ। ਜਦੋਂ ਕਿਸਾਨਾਂ ਨੂੰ ਇਸ ਮੀਟਿੰਗ ਦੀ ਸੂਹ ਲੱਗੀ ਉਹ ਵੀ ਮਿੱਤਲ ਸਾਹਿਬ ਦਾ ਿਘਰਾਓ ਕਰਨ ਲਈ ਮਗਰ ਹੀ ਪਿੰਡ ਬਿਭੌਰ ਸਾਹਿਬ ਵਿਖੇ ਪੁੱਜ ਗਏ। ਸਾਬਕਾ ਸਰਪੰਚ ਦੇ ਘਰ ਬਾਹਰ ਸੜਕ 'ਤੇ ਬੈਠ ਕੇ ਕਿਸਾਨ ਆਗੂਆਂ ਨੇ ਅੱਠ ਤੋਂ ਸਾਢੇ ਨੌਂ ਵਜੇ ਤਕ ਜਿੱਥੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ 'ਚ ਨੁਕਤਾਚੀਨੀ ਕੀਤੀ, ਉੱਥੇ ਹੀ ਮਿੱਤਲ ਦੇ ਵਿਰੁੱਧ ਵੀ ਨਾਅਰੇ ਲਗਾਏ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਮੋਦੀ ਦੇ ਚਮਚਿਆਂ ਨੂੰ ਕਿਸੇ ਕੀਮਤ 'ਤੇ ਆਪਣੇ ਹਲਕੇ 'ਚ ਨਹੀਂ ਵੜਨ ਦੇਣਗੇ। ਜਿੱਥੇ ਜਿੱਥੇ ਭਾਜਪਾ ਆਗੂ ਆਪਣਾ ਸਿਆਸੀ ਲਾਹਾ ਲੈਣ ਪਹੁੰਚਣਗੇ, ਸਾਡੇ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਵੀਰ ਸਿੰਘ ਬੜਵਾ, ਜਸਪਾਲ ਸਿੰਘ, ਸੇਠੀ, ਅਮਰੀਕ ਸਿੰਘ, ਰਾਹੁਲ, ਦਲਜੀਤ ਸਿੰਘ, ਰਣਜੀਤ ਸਿੰਘ, ਜਸਪਤਾਲ ਸਿੰਘ, ਅਨੂਪ ਸਿੰਘ ਆਦਿ ਤੋਂ ਇਲਾਵਾ ਹੋਰ ਲੋਕ ਮੌਜੂਦ ਸਨ। ਚਰਚਾ ਆਮ ਹੋ ਰਹੀ ਹੈ ਕਿ ਕਿਸਾਨੀ ਅੰਦੋਲਨ ਕਾਰਨ 2022 ਦੀਆਂ ਚੋਣਾਂ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ। ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਦਾ ਅੜੀਅਲ ਰਵੱਈਆ ਪੰਜਾਬ ਦੇ ਭਾਜਪਾ ਆਗੂਆਂ ਲਈ ਲਗਾਤਾਰ ਪਰੇਸ਼ਾਨੀ ਦਾ ਘਰ ਬਣਦਾ ਜਾ ਰਿਹਾ ਹੈ।

ਵਿਰੋਧੀ ਧਿਰ ਦੇ ਆਗੂ ਕਿਸਾਨਾਂ ਦਾ ਝੰਡਾ ਚੁੱਕ ਕੇ ਘੁੰਮ ਰਹੇ : ਮਿੱਤਲ

ਪੱਤਰਕਾਰਾਂ ਨਾਲ ਗੱਲ ਕਰਦਿਆਂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਅਸੀਂ ਆਪਣਾ ਕੰਮ ਕਰ ਰਹੇ ਹਨ ਤੇ ਕਿਸਾਨ ਆਪਣਾ। ਪਰ ਮੋਦੀ ਸਾਹਿਬ ਨੂੰ ਦੇਸ਼ ਦੇ ਨਾਲ-ਨਾਲ ਪੰਜਾਬ ਦੀ ਵਿਸ਼ੇਸ਼ ਚਿੰਤਾ ਹੈ। ਸਾਡੀ ਸਰਕਾਰ ਦਾ ਖੇਤੀਬਾੜੀ ਮੰਤਰੀ ਮੋਦੀ ਸਾਹਿਬ ਨਾਲ ਸਲਾਹ ਕਰਕੇ ਹੀ ਬੋਲਦੇ ਹਨ। ਮਿੱਤਲ ਸਾਹਿਬ ਨੇ ਕਿਹਾ ਮੈਂ 40 ਸਾਲ ਲੋਕਾਂ ਦੀ ਸੇਵਾ ਕੀਤੀ। ਮੇਰਾ ਵਿਰੋਧ ਹਲਕੇ ਦੇ ਲੋਕ ਨਹੀਂ ਬਲਕਿ ਨੂਰਪੁਰਬੇਦੀ ਵੱਲ ਤੋਂ ਆ ਕੇ ਕੁਝ ਵਿਅਕਤੀ ਕਰ ਰਹੇ ਹਨ। ਪੁੱਛੇ ਜਾਣ 'ਤੇ ਮਿੱਤਲ ਨੇ ਕਿਹਾ ਕਿ ਅਸੀਂ 117 ਸੀਟਾਂ 'ਤੇ ਡੱਟ ਕੇ ਲੜਾਂਗੇ। ਵਿਰੋਧੀ ਧਿਰ ਦੇ ਆਗੂ ਕਿਸਾਨਾਂ ਦਾ ਝੰਡਾ ਚੁੱਕ ਸਾਡਾ ਵਿਰੋਧ ਕਰ ਰਹੇ ਹਨ। ਮੇਰੇ ਹਲਕੇ ਦੇ ਲੋਕਾਂ ਨੂੰ ਉਕਸਾਇਆ ਜਾ ਰਿਹੈ ਪਰ ਉਹ ਮੇਰੀ ਸੇਵਾ ਤੋਂ ਭਲੀ ਭਾਂਤੀ ਜਾਣੂ ਹਨ। ਮੇਰਾ ਅੱਜ ਦੂਜੀ ਵਾਰ ਵਿਰੋਧ ਕੀਤਾ ਗਿਆ।

ਹਰ ਕਿਸੇ ਦੇ ਕਿਸੇ ਨਾਲ ਨਿੱਜੀ ਸਬੰਧ ਵੀ ਹੋ ਸਕਦੇ: ਰਣਜੀਤ ਸਿੰਘ

ਪਿੰਡ ਬਿਭੌਰ ਸਾਹਿਬ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਸ਼ੋਸ਼ਲ ਵਰਕਰ ਹਾਂ, ਨਾ ਕੀ ਕਿਸੇ ਪਾਰਟੀ ਨਾਲ ਬੰਨ੍ਹੇ ਹੋਏ। ਉਨ੍ਹਾਂ ਕਿਹਾ ਕਿ ਮਿੱਤਲ ਸਾਹਿਬ ਕੋਈ ਜਲਸਾ ਕਰਨ ਲਈ ਨਹੀਂ ਬਲਕਿ ਮੀਟਿੰਗ ਕਰਨ ਆਏ ਸਨ। ਹਰ ਕਿਸੇ ਦੇ ਕਿਸੇ ਨਾਲ ਨਿੱਜੀ ਸਬੰਧ ਵੀ ਹੋ ਸਕਦੇ ਹਨ। ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਪਰ ਕੁਝ ਲੋਕ ਹੁਲੜਬਾਜ਼ੀ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।