ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਭਾਰਤ ਵਿਚ ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਆਪਣੇ ਪਰਿਵਾਰ ਸਮੇਤ ਮੰਗਲਵਾਰ ਨੂੰ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ ਦੀਦਾਰ ਕੀਤੇ ਅਤੇ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਅਧੀਨ ਚੱਲ ਰਹੀ ਇਸ ਸੰਸਥਾ ਨੂੰ ਗਿਆਨ ਦਾ ਸੋਮਾ ਦੱਸਿਆ।

ਨਵੀਂ ਦਿੱਲੀ ਵਿਚ ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਆਪਣੇ ਪਰਿਵਾਰ ਦੇ ਨਾਲ ਇੱਥੇ ਪਹੁੰਚ ਕੇ ਵਿਰਾਸਤ-ਏ-ਖਾਲਸਾ ਦੀਆਂ 27 ਗੈਲਰੀਆਂ ਵਿਚ ਜਾ ਕੇ ਪੂਰੇ ਧਿਆਨ ਨਾਲ ਸਮੁੱਚੇ ਪੰਜਾਬ ਦੇ 550 ਸਾਲਾਂ ਦੇ ਫ਼ਖ਼ਰ ਭਰਪੂਰ ਇਤਿਹਾਸ ਨੂੰ ਵੇਖਿਆ ਅਤੇ ਸੁਣਿਆ।

ਉਨ੍ਹਾਂ ਨੇ ਆਲਾ ਦਰਜੇ ਦੀਆਂ ਤਕਨੀਕਾਂ ਦੇ ਨਾਲ ਤਿਆਰ ਕੀਤੇ ਗਏ ਇਸ ਅਜਾਇਬ ਘਰ ਨੂੰ ਦੁਨੀਆਂ ਦਾ ਬਿਤਰੀਨ ਅਜਾਇਬ ਘਰ ਦੱਸਦੇ ਹੋਏ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਤੇ ਖਾਸ ਕਰ ਕੇ ਬੱਚਿਆਂ ਨੂੰ ਬੁਹਤ ਕੁਝ ਸਿੱਖਣ ਲਈ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਸ ਬਰੀਕੀ ਦੇ ਨਾਲ ਸਮੁੱਚੇ ਇਤਿਹਾਸ ਨੂੰ 27 ਗੈਲਰੀਆਂ ਦੀ ਲੜੀ ਬਣਾ ਕੇ ਪਰੋਇਆ ਗਿਆ ਹੈ ਉਹ ਕਾਬਿਲੇ ਤਾਰੀਫ ਹੈ।

ਇਹੀ ਨਹੀਂ ਜਿਸ ਢੰਗ ਦੇ ਨਾਲ ਸਮੁੱਚੇ ਇਤਿਹਾਸ ਨੂੰ ਸੁਣਾਇਆ ਗਿਆ ਹੈ ਉਹ ਵੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਵਿਰਾਸਤ-ਏ-ਖਾਲਸਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੱਥੇ ਆ ਕੇ ਉਹ ਵਡਭਾਗੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਵਿਰਾਸਤ-ਏ-ਖਾਲਸਾ ਦੇ ਮੈਨੇਜਰ ਭੁਪਿੰਦਰ ਸਿੰਘ ਚਾਨਾ ਤੇ ਸਟਾਫ ਵੱਲੋਂ ਸਨਮਾਨਤ ਵੀ ਕੀਤਾ ਗਿਆ।