ਜੇਐੱਨਐੱਨ, ਮੋਰਿੰਡਾ : ਮੁਲਾਜ਼ਮ ਆਗੂਆਂ ਵੱਲੋਂ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਮਾਣ-ਭੱਤਾ ਵਰਕਰਾਂ 'ਤੇ ਘੱਟੋ-ਘੱਟ ਉਜਰਤਾਂ ਲਾਗੂ ਕਰਵਾਉਣ ਤੇ ਹੋਰਨਾਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ ਗਈ।

ਲਟਕਦੀਆਂ ਮੰਗਾਂ ਸਬੰਧੀ 'ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ' ਨੇ ਮੋਰਿੰਡਾ ਬੱਸ ਅੱਡੇ ਨੇੜੇ 16 ਅਕਤੂਬਰ ਤੋਂ ਸ਼ੁਰੂ ਕੀਤੇ 'ਪੱਕੇ ਮੋਰਚੇ' ਦੇ ਚੌਥੇ ਦਿਨ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ (ਡੀਐੱਮਐੱਫ) ਦੇ ਸੱਦੇ ਤਹਿਤ ਸੈਂਕੜੇ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਦੌਰਾਨ ਮੋਰਿੰਡਾ ਸ਼ਹਿਰ ਵਿਚ ਮਸ਼ਾਲ ਮਾਰਚ ਕੱਢਿਆ ਗਿਆ।

ਇਸ ਤੋਂ ਪਹਿਲਾਂ ਡੀਐੱਮਐੱਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਸੂਬਾਈ ਆਗੂ ਮਲਾਗਰ ਸਿੰਘ ਖਮਾਣੋਂ, ਡੈਮੋਕ੍ਰੇਟਿਕ ਜੰਗਲਾਤ ਵਰਕਰਾਂ ਦੇ ਜਨਰਲ ਸਕੱਤਰ ਬਲਵੀਰ ਸਿਵੀਆਂ, ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਦੇ ਜਨਰਲ ਸਕੱਤਰ ਪਰਮਜੀਤ ਕੌਰ ਮਾਨ ਤੇ ਮਿਡ ਡੇ ਮੀਲ ਵਰਕਰ ਯੂਨੀਅਨ ਦੇ ਆਗੂ ਕੁਲਵਿੰਦਰ ਕੌਰ ਜਲੰਧਰ, ਐੱਨਐੱਚਐੱਮ ਦੇ ਆਗੂ ਕਿਰਨਜੀਤ ਕੌਰ ਅਤੇ ਜਸਵਿੰਦਰ ਕੌਰ ਰੰਧਾਵਾ ਨੇ ਮੰਗਾਂ ਖਾਤਰ ਡਟਣ ਦਾ ਹੋਕਾ ਦਿੱਤਾ।