ਸਰਬਜੀਤ ਸਿੰਘ, ਰੂਪਨਗਰ : ਸਿੱਖਿਆ ਮੰਤਰੀ ਕਮ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਰੋਪੜ ਦੇ ਚੇਅਰਮੈਨ ਵਿਜੈ ਇੰਦਰ ਸ਼ਿੰਗਲਾ ਨੇ ਅੱਜ ਇੱਥੇ ਮੀਟਿੰਗ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਲਈ ਅਫਸਰਾਂ ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰਾਂ ਦਾ ਵ੍ਹਟਸਐਪ ਗਰੁੱਪ ਬਣਾਇਆ ਜਾਵੇਗਾ। ਹਫ਼ਤੇ ਦੇ ਸੱਤੋਂ ਦਿਨ ਸ਼ਿਕਾਇਤਾਂ ਗਰੁੱਪ ਵਿਚ ਪਾਈਆਂ ਜਾ ਸਕਦੀਆਂ ਹਨ ਤੇ ਅਫਸਰਾਂ ਤੋਂ 15 ਦਿਨਾਂ ਬਾਅਦ ਰਿਪੋਰਟ ਮੰਗੀ ਜਾਵੇਗੀ।

ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਨਿਰਦੇਸ਼ ਤਹਿਤ ਲੋਕਾਂ ਦੀਆਂ ਸ਼ਿਕਾਇਤਾਂ ਤੇ ਮੁਸ਼ਕਲਾਂ ਨੂੰ ਹੱਲ ਕਰਨ ਲਈ ਸਰਕਾਰ ਗੰਭੀਰ ਹੈ ਅਤੇ ਪਹਿਲ ਦੇ ਆਧਾਰ 'ਤੇ ਹੀ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰਾਂ ਵਲੋਂ ਮੋਰਿੰਡਾ ਤੇ ਰੋਪੜ ਵਿਖੇ ਸੀਵਰੇਜ ਦੀ ਸਮੱਸਿਆ ਬਾਰੇ ਸ਼ਿਕਾਇਤ ਆਈ ਹੈ ਅਤੇ ਮੋਰਿੰਡਾ ਹਸਪਤਾਲ ਵਿਖੇ ਰੈਡਿਓਲਾਜਿਸਟ ਡਾਕਟਰ ਦੀ ਘਾਟ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਲੋਕਾਂ ਨਾਲ ਰਾਬਤਾ ਬਣਾਉਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਹੱਲ ਕਰਵਾਉਣ ਲਈ ਵ੍ਹਟਸਐਪ ਗਰੁੱਪ 'ਚ ਸ਼ਿਕਾਇਤਾਂ ਬਾਰੇ ਦੱਸਣ। ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਕਰਨ ਲਈ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ।

ਵਿਕਾਸ ਲਈ ਫੰਡਾਂ ਦੀ ਘਾਟ ਬਾਰੇ ਪੁੱਛੇ ਸਵਾਲ ਦਾ ਦਿੱਤਾ ਇਹ ਜਵਾਬ

ਵਿਕਾਸ ਲਈ ਫੰਡਾਂ ਦੀ ਕਮੀ ਦੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਜੇਕਰ ਜੀਐੱਸਟੀ ਦਾ ਪੈਸਾ ਮਿਲ ਜਾਵੇ ਤਾਂ ਫੰਡਾਂ ਦੀ ਕਮੀ ਦੂਰ ਹੋ ਜਾਵੇਗੀ। ਸਿੱਖਿਆ ਵਿਭਾਗ ਦੀ ਮਿਲੀ ਜ਼ਿੰਮੇਵਾਰੀ ਬਾਰੇ ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ 'ਚ ਸੁਧਾਰ ਲਈ ਚੰਗਾ ਕੰਮ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਸਿੱਖਿਆ ਸੁਧਾਰ ਲਈ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਯਤਨ ਕਰ ਰਹੇ ਹਨ। ਬੰਗਾ ਤੋਂ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਮਾਰਗ ਦੀ ਮਾੜੀ ਹਾਲਤ ਬਾਰੇ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 25 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਜਲਦ ਹੀ ਇਸ ਮਾਰਗ ਦਾ ਕੰਮ ਸ਼ੁਰੂ ਕਰ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ਸਿੱਧੇ ਦੇ ਵਿਭਾਗ ਦਾ ਚਾਰਜ ਨਾ ਸੰਭਾਲਣ ਸਬੰਧੀ ਸਿੰਗਲਾ ਇਹ ਬੋਲੇ-

ਨਵਜੋਤ ਸਿੰਘ ਸਿੱਧੂ ਵਲੋਂ ਬਿਜਲੀ ਵਿਭਾਗ ਦਾ ਚਾਰਜ ਨਾ ਸੰਭਾਲਣ ਦੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਸਿੰਗਲਾ ਨੇ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਸਲਾ ਹੱਲ ਕੀਤਾ ਜਾਵੇਗਾ ਅਤੇ ਬਿਜਲੀ ਵਿਭਾਗ ਦਾ ਕੰਮ ਫਿਲਹਾਲ ਮੁੱਖ ਮੰਤਰੀ ਖੁਦ ਦੇਖ ਰਹੇ ਹਨ। ਇਸ ਮੌਕੇ ਡੀਸੀ ਸੁਮਿਤ ਜਾਰੰਗਲ, ਐੱਸਐੱਸਪੀ ਸਵਪਨ ਸ਼ਰਮਾ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਡਾ. ਗੁਰਿੰਦਰਪਾਲ ਸਿੰਘ ਬਿੱਲਾ, ਅਸ਼ਵਨੀ ਸ਼ਰਮਾ, ਜਗਦੀਸ਼ ਚੰਦਰ ਕਾਜਲਾ, ਰਾਜੇਸ਼ ਕੁਮਾਰ, ਭੁਪਿੰਦਰ ਕੌਰ ਗਿੱਲ ਮੌਜੂਦ ਸਨ।

Posted By: Seema Anand