ਪਵਨ ਕੁਮਾਰ, ਨੂਰਪੁਰ ਬੇਦੀ : ਪੰਜਾਬ ਸਰਕਾਰ ਕੋਵਿਡ-19 ਮਹਾਮਾਰੀ ਦੌਰਾਨ ਸਾਡੇ ਦੇਸ਼ ਦਾ ਭਵਿੱਖ ਸਾਡੇ ਬੱਚੇ ਹਨ, ਭਵਿੱਖ ਤਾਂ ਹੀ ਉਜੱਵਲ ਹੋਵੇਗਾ ਜੇਕਰ ਉਹ ਤੰਦਰੁਸਤ ਹੋਣਗੇ। ਇਸ ਟੀਚੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਦੇ ਉਪਰਾਲੇ ਤਹਿਤ 19 ਅਗਸਤ ਤਕ ਡਾਇਰੀਆ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਸੀਐੱਚਸੀ ਨੂਰਪੁਰ ਬੇਦੀ (ਸਿੰਘਪੁਰ) ਦੇ ਸੀਨੀਅਰ ਮੈਡੀਕਲ ਅਫਸਰ ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ 5 ਸਾਲ ਤਕ ਦੇ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ। ਡਾਇਰੀਏ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਕਰਨਾ ਹੈ। ਵਿਸ਼ਵ ਵਿਚ ਹਰ ਸਾਲ 0-5 ਸਾਲ ਤਕ ਦੇ ਬੱਚਿਆਂ ਦੀਆਂ ਲੱਖਾਂ ਮੌਤਾਂ ਸਿਰਫ ਡਾਇਰੀਏ ਨਾਲ ਹੀ ਹੁੰਦੀਆਂ ਹਨ। ਇਸ ਲਈ ਇਹ ਵਿਸ਼ੇਸ਼ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਮਹਾਵਾਰੀ ਦੌਰਾਨ ਬੱਚਿਆਂ ਦੀ ਸੁਰੱਖਿਅਤਾ ਨੂੰ ਮੁੱਖ ਰੱਖਦੇ ਹੋਏ 0-5 ਸਾਲ ਤਕ ਦੇ ਬੱਚਿਆਂ ਨੂੰ ਓਆਰਐੱਸ ਦੇ ਪੈਕਟ ਦਿੱਤੇ ਜਾਣਗੇ। ਦਸਤ ਹੋਣ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ । ਇਸ ਬਰਸਾਤ ਦੇ ਮੌਸਮ ਦੌਰਾਨ ਬੱਚਿਆਂ ਨੂੰ ਅਕਸਰ ਦਸਤ ਦੀ ਬਿਮਾਰੀ ਲੱਗ ਜਾਂਦੀ ਹੈ। ਇਸ ਦੇ ਬਚਾਓ ਲਈ ਘਰ ਪਾਣੀ ਨੂੰ ਉਬਾਲ ਕੇ ਠੰਡਾ ਕਰ ਕੇ ਪੀਣਾ ਚਾਹੀਦਾ ਹੈ। ਫਲ ਤੇ ਸਬਜ਼ੀਆਂ ਨੂੰ ਕੱਟਣ, ਿਛੱਲਣ ਤੋ ਪਹਿਲਾਂ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਕੱਚੇ ਅਤੇ ਜ਼ਿਆਦਾ ਪੱਕੇ ਫਲ ਨਾ ਖਾਣ ਸਬੰਧੀ ਜਾਣਕਾਰੀ ਦਿੱਤੀ ਜਾਵੇ। ਡਾਇਰੀਏ ਪੰਦਰਵਾੜੇ ਦੌਰਾਨ ਲੋਕਾਂ ਨੂੰ ਹੱਥ ਧੋਣ, ਓਆਰਐੱਸ ਘੋਲ ਬਣਾਉਣ ਆਦਿ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਖਾਣਾ ਖਾਣ ਤੋ ਪਹਿਲਾਂ ਅਤੇ ਪਖਾਨਾ ਜਾਣ ਤੋ ਬਾਅਦ ਹਮੇਸਾਂ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋ ਬਚ ਸਕਦੇ ਹਨ। ਇਸ ਮੌਕੇ ਡਾ. ਸਿਮਰਨਜੀਤ ਕੌਰ, ਕੰਪਿਊਟਰ ਆਪਰੇਟਰ ਨਰਿੰਦਰ ਕੁਮਾਰ, ਏਐੱਨਐੱਮ ਮੋਹਣ ਕੌਰ, ਡਾ. ਵਿਨੈ ਤੇ ਸਮੂਹ ਸਟਾਫ ਹਾਜ਼ਰ ਸੀ।