ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਸਿੱਖਾਂ ਦੀ ਕੇਂਦਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਉੱਥੇ ਅਟੇਰਲੇਅਰ ਥੀਏਟਰ ਵਲੋਂ ਵਿਸ਼ੇਸ਼ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰ ਸੰਮੇਲਨ ਦੌਰਾਨ ਕੰਵਲਜੀਤ ਸਿੰਘ, ਕੁਲਜੀਤ ਸਿੰਘ ਨੇ ਦੱਸਿਆ ਕਿ 'ਸ਼ਮਸ਼ੀਰ-ਏ-ਤੇਗ' ਦੇ ਬੈਨਰ ਹੇਠ ਇਹ ਪ੍ਰਾਜੈਕਟ ਤਿਆਰ ਕੀਤਾ ਜਾਵੇਗਾ ਜਿਸ ਉੱਤੇ ਇਕ ਕਰੋੜ ਦੇ ਕਰੀਬ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਉੱਤੇ ਕੀਤੇ ਗਏ ਸਰਵੇ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਰਤ ਦੇ ਵੱਖੋ-ਵੱਖ ਸੂਬਿਆਂ 'ਚ 139 ਜਗ੍ਹਾ 'ਤੇ ਗਏ ਹਨ ਤੇ

ਇਨ੍ਹਾਂ ਸਾਰੇ ਮੁਬਾਰਕ ਅਸਥਾਨਾਂ ਦੀਆਂ ਵੀਡੀਓ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਵਲੋਂ ਆਪ ਸਿਰਜਿਆ ਰੂਹਾਨੀ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਬਾਬਾ ਬਕਾਲਾ ਸਾਹਿਬ ਤਕ ਤੇ ਫਿਰ ਅਸਾਮ, ਬਿਹਾਰ, ਕਸ਼ਮੀਰ ਅਤੇ ਢਾਕਾ ਇਹ ਦਸਤਾਵੇਜ਼ੀ ਉਨ੍ਹਾਂ ਥਾਵਾਂ ਸਮੁਦਾਏ ਅਤੇ ਸੱਭਿਆਚਾਰ ਵੱਲ ਧਿਆਨ ਦੇਵੇਗੀ। ਉਨ੍ਹਾਂ ਵਲੋਂ ਦਿੱਤੇ ਗਏ ਪਾਵਨ ਸਿਧਾਤਾਂ ਤੇ ਕੁਰਬਾਨੀਆਂ ਬਾਰੇ ਡਾਕੂਮੈਂਟਰੀ ਤਿਆਰ ਕੀਤੀ ਜਾਵੇਗੀ, ਇਕ ਕਾਫੀ ਟੇਬਲ ਕਿਤਾਬ ਤਿਆਰ ਹੋਵੇਗੀ ਜਦੋਕਿ ਵਿਸ਼ਵ ਪੱਧਰ ਦਾ ਇਕ ਸੈਮੀਨਾਰ ਵੀ ਕਰਵਾਇਆ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਸਮੁੱਚਾ ਪ੍ਰੋਗਰਾਮ ਸਿੱਖੀ ਸਿਧਾਤਾਂ ਤੇ ਸਿੱਖ ਰਹਿਤ ਮਰਿਆਦਾ ਮੁਤਾਬਿਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਸਾਡੇ ਵੱਡੇ ਸਮਾਗਮ ਗੁਰੂ ਕੇ ਲੰਗਰ, ਵੱਡੇ ਸਮਾਗਮ, ਨਗਰ ਕੀਰਤਨ ਆਦਿ ਤਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ ਜਦੋਂਕਿ ਅਸੀਂ ਇਸ ਤਰ੍ਹਾਂ ਦਾ ਪ੍ਰਾਜੈਕਟ ਤਿਆਰ ਕਰਾਂਗੇ ਜੋ ਸਦੀਆਂ ਤਕ ਇਸ ਸਮਾਗਮ ਦੀ

ਯਾਦ ਤਾਜ਼ਾ ਕਰਦਾ ਰਹੇਗਾ ਅਤੇ ਲੋਕਾਈ ਨੂੰ ਗੁਰੂ ਸਾਹਿਬ ਵਲੋਂ ਕੀਤੇ ਗਏ ਪਰਉਪਕਾਰਾਂ ਤੋਂ ਲਾਹਾ ਲੈਣ ਲਈ ਪ੍ਰੇਰਦਾ ਰਹੇਗਾ।

ਉਨ੍ਹਾਂ ਐਲਾਨ ਕੀਤਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਆਪ ਵਰੋਸਾਈ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਦੀ ਬਾਕਾਇਦਾ ਆਰੰਭਤਾ ਕੀਤੀ ਜਾਵੇਗੀ। ਇਸ ਪ੍ਰਾਜੈਕਟ ਲਈ ਫੰਡ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਅਸੀਂ ਸਮੂਹ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਨੇਪਰੇ ਚਾੜ੍ਹਾਂਗੇ।

Posted By: Seema Anand