ਸਰਬਜੀਤ ਸਿੰਘ, ਰੂਪਨਗਰ : ਜਸਟਿਸ ਅੌਗਸਟਿਨ ਜੌਰਜ ਮਸੀਹ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ- ਕਮ -ਕਾਰਜਕਾਰੀ ਜੱਜ ਸੈਸ਼ਨ ਡਵੀਜ਼ਨ ਰੂਪਨਗਰ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸਏਐਸ ਨਗਰ (ਮੋਹਾਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਦਾਲਤ ਰੂਪਨਗਰ ਵਿਖੇ ਲਗਾਈ ਕੌਮੀ ਲੋਕ ਅਦਾਲਤ ਦਾ ਨਿਰੀਖਣ ਕੀਤਾ ਗਿਆ। ਇਹ ਅਦਾਲਤ ਜ਼ਿਲ੍ਹਾ ਅਤੇ ਸੈਸ਼ਨ ਜੱਜ -ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਹਰਪ੍ਰਰੀਤ ਕੌਰ ਜੀਵਨ ਦੀ ਅਗਵਾਈ ਹੇਠ ਲਗਾਈ ਗਈ। ਇਸ ਲੋਕ ਅਦਾਲਤ 'ਚ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ, ਅਤੇ ਨੰਗਲ ਵਿਖੇ ਕੁੱਲ 15 ਬੈਂਚਾ ਦਾ ਗਠਨ ਕੀਤਾ ਗਿਆ। ਜਿਸ ਕੁਲ 651 ਕੇਸਾਂ ਦਾ ਨਿਪਟਾਰਾ ਅਤੇ ਕਰੀਬ 15 ਕਰੋੜ ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਇਸ ਦੌਰਾਨ ਜਸਟਿਸ ਮਸੀਹ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੌਂਸਲਿੰਗ ਸੈਂਟਰ 'ਚ ਵਿਕਟਮ, ਅੰਡਰ ਟਿ੍ਆਲ ਕੈਦੀ ਅਤੇ ਸੀਨੀਅਰ ਸਿਟੀਜ਼ਨ ਨੂੰ ਮਾਹਿਰਾਂ ਵੱਲੋਂ ਕੌਂਸਲਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕ ਅਦਾਲਤ ਲੋਕਾਂ ਨੂੰ ਜਲਦੀ ਤੇ ਸਸਤਾ ਇਨਸਾਫ਼ ਦਿਵਾਉਣ ਲਈ ਸਹਾਈ ਸਿੱਧ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਕੋਈ ਐਸਾ ਵਿਅਕਤੀ ਜਿਸ ਦੀ ਸਾਲਾਨਾ ਆਮਦਨ 3 ਲੱਖ ਤੋਂ ਵੱਧ ਨਾ ਹੋਵੇ ਨੂੰ ਮੁਫ਼ਤ ਸਹਾਇਤਾ ਮਿਲਦੀ ਹੈ। ਇਸ ਦੌਰਾਨ ਹਰਸਿਮਰਨਜੀਤ ਸਿੰਘ, ਸੀਜੇਐੱਮ-ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਦੱਸਿਆ ਕਿ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵੱਲੋਂ ਪੂਰੇ ਭਾਰਤ 'ਚ ਕੌਮੀ ਲੋਕ ਅਦਾਲਤ ਲਗਾਈ ਗਈ, ਜਿਸ 'ਚ ਹਰ ਪ੍ਰਕਾਰ ਦੇ ਦਿਵਾਨੀ, ਫੌਜ਼ਦਾਰੀ ਤੇ ਹੋਰ ਮਾਮਲੇ ਨਿਪਟਾਰੇ ਲਈ ਰੱਖੇ ਗਏ। ਪ੍ਰਰੀ ਲਿਟੀਗੇਟਿਵ ਮਾਮਲੇ ਜੋ ਅਜੇ ਅਦਾਲਤ ਵਿੱਚ ਨਹੀਂ ਆਏ ਹਨ, ਉਹ ਵੀ ਨਿਪਟਾਏ ਗਏ। ਵੱਡੀ ਮਾਤਰਾ 'ਚ ਬੈਂਕ ਤੇ ਟੈਲੀਫੋਨ ਕੰਪਨੀਆਂ ਦੇ ਕੇਸ ਇਸ ਲੋਕ ਅਦਾਲਤ 'ਚ ਨਿਪਟਾਏ ਗਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੰਬਿਤ ਮਾਮਲੇ ਲੋਕ ਅਦਾਲਤਾਂ ਰਾਹੀਂ ਸੁਲਝਾਏ ਜਾਣ। ਉਨ੍ਹਾਂ ਕਿਹਾ ਕਿ ਕਾਨੂੰਨੀ ਸੇਵਾਵਾਂ ਨਾਲ ਸਬੰਧੀ ਕਿਸੇ ਕਿਸਮ ਦੀ ਜਾਣਾਕਰੀ ਲਈ ਟੋਲ ਫਰੀ ਨੰਬਰ 1968 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅਗਲੀ ਨੈਸ਼ਨਲ ਲੋਕ ਅਦਾਲਤ 14 ਦਸੰਬਰ ਨੂੰ ਲਗਾਈ ਜਾਵੇਗੀ।

------------------------------

ਜ਼ਿਲ੍ਹਾ ਅਦਾਲਤ ਵਿਖੇ ਕੌਂਸਿਲੰਗ ਸੈਂਟਰ ਦਾ ਉਦਘਾਟਨ ਕੀਤਾ

ਰੂਪਨਗਰ ਅਦਾਲਤ ਵਿਖੇ ਜਸਟਿਸ ਏਜੀ ਮਸੀਹ ਜੱਜ ਪੰਜਾਬ ਐਂਡ ਹਰਿਆਣਾ ਆਈ ਕੋਰਟ ਵਲੋਂ ਕੌਂਸਿਲੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ। ਜਿਥੇ ਲੋੜਵੰਦ ਪਾਰਟੀਆਂ ਨੂੰ ਉਨ੍ਹਾਂ ਦੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਲਈ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਜਸਟਿਸ ਮਸੀਹ ਦਾ ਰੂਪਨਗਰ ਅਦਾਲਤ ਵਿਖੇ ਪਹੁੰਚਣ 'ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੇਪੀਐਸ ਢੇਰ ਤੇ ਸਮੂਹ ਵਕੀਲਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪ੍ਰਰੀਤ ਕੌਰ ਜੀਵਨ, ਸੀਜੇਐਮ-ਕਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਹਰਸਿਮਰਨਜੀਤ ਸਿੰਘ, ਡੀਸੀ ਸੁਮਿਤ ਜਾਰੰਗਲ, ਐਸਐਸਪੀ ਸਵਪਨ ਸ਼ਰਮਾ, ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ, ਐਸਡੀਐਮ ਹਰਜੋਤ ਕੌਰ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਏਪੀਐਸ ਬਾਵਾ, ਐਡਵੋਕੇਟ ਡੀਐਸ ਦਿਓਲ, ਐਡਵੋਕੇਟ ਰਾਜਵੀਰ ਸਿੰਘ ਰਾਏ, ਐਡਵੋਕੇਟ ਚਰਨਜੀਤ ਸਿੰਘ ਘਈ, ਐਡਵੋਕੇਟ ਦਿਨੇਸ਼ ਚੱਡਾ ਆਦਿ ਮੌਜੂਦ ਸਨ।ੰ