ਲਖਵੀਰ ਖਾਬੜਾ, ਰੂਪਨਗਰ : ਬਰਗਾੜੀ ਕਾਂਡ ਮਾਮਲੇ 'ਚ ਚੱਲ ਰਹੀ ਜਾਂਚ 'ਚ ਹੁਣ ਪਹਿਲਾਂ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਫਿਰ ਬਾਦਲ ਜਾਣਗੇ, ਜੇਲ੍ਹ ਅੰਦਰ, ਕਿਉਂਕਿ ਸਰਕਾਰ ਨੇ ਸਿੱਖ ਕੌਮ ਨੂੰ ਨਿਆਂ ਦਿਵਾਉਣ ਲਈ ਕਾਨੂੰਨੀ ਸ਼ਿਕੰਜਾ ਕਸ ਲਿਆ ਹੈ। ਇਹ ਵਿਚਾਰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨੀ ਇਕ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਮੈ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾ ਨਿਭਾ ਰਿਹਾ ਸੀ ਤਾਂ ਵਾਪਰੇ ਬਰਗਾੜ੍ਹੀ ਕਾਂਡ ਵਾਲੇ ਸਥਾਨ 'ਤੇ ਜਾ ਕੇ ਸਿੱਖ ਆਗੂਆਂ ਨਾਲ ਗੱਲ ਕੀਤੀ ਤਾਂ ਉਸ ਸਮੇਂ ਹੀ ਮੈਂ ਬਿਆਨ ਦਿੱਤਾ ਸੀ ਕਿ ਇਸ ਕਾਂਡ ਦੀਆ ਪੈੜਾਂ ਬਾਦਲਾਂ ਦੇ ਘਰ ਜਾਂਦੀਆਂ ਹਨ ਜੋ ਅੱਜ ਜਾਂਚ 'ਚ ਲੋਕਾਂ ਦੇ ਸਾਹਮਣੇ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖ ਕੌਮ ਨੂੰ ਸਮਾਜਿਕ ਤੇ ਧਾਰਮਿਕ ਤੌਰ 'ਤੇ ਵੱਡੀ ਢਾਹ ਲਾਈ ਹੈ ਸਿੱਖ ਕੌਮ ਕਦੇ ਵੀ ਇਸ ਪਰਿਵਾਰ ਨੂੰ ਮਾਫ ਨਹੀਂ ਕਰੇਗੀ। ਚੰਨੀ ਨੇ ਲੋਕ ਸਭਾ ਚੋਣਾਂ 'ਚ ਵਰਕਰਾਂ ਨੂੰ ਆਪਣੇ ਬੂਥ 'ਤੇ ਤਕੜੇ ਹੋ ਕੇ ਲੜਾਈ ਲੜਣ ਲਈ ਪ੍ਰਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਕਾਂਗਰਸ ਪਾਰਟੀ ਜਲਦ ਹੀ ਉਮੀਦਵਾਰ ਦਾ ਐਲਾਨ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਤੋਂ ਸੰਸਦ ਪ੍ਰਰੋ ਪ੍ਰਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਕਾਸ ਕਾਰਜਾਂ ਲਈ ਦਿੱਤੀਆਂ ਜਾਣ ਵਾਲੀਆਂ ਗ੍ਰਾਟਾਂ 'ਚ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣੀ ਨੂੰ ਦੋ ਸਾਲ ਹੀ ਹੋਏ ਹਨ ਤੇ ਹਲਕੇ 'ਚ ਵਿਕਾਸ ਦੇ ਵੱਡੇ ਕਾਰਜਾਂ ਦੇ ਕੰਮ ਸ਼ੁਰੂ ਹੋ ਗਏ ਹਨ। ਜਿਸ ਵਿਚ ਤਕਨੀਕੀ ਸਕਿੱਲ ਯੂਨੀਵਰਸਿਟੀ, ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਵੀਨੀਕਰਨ, ਬੇਲਾ ਵਿਖੇ ਪੁਲ਼ ਦੀ ਉਸਾਰੀ, ਘਾੜ ਇਲਾਕੇ ਦੇ ਪਿੰਡਾਂ ਨੂੰ ਸਿੱਧਾ ਕੁਰਾਲੀ ਨਾਲ ਜੋੜਣ ਲਈ ਅਧਰੇੜਾ ਪਿੰਡ ਨੇੜੇ ਨਦੀ ਦੇ ਪੁਲ਼ ਦਾ ਨੀਂਹ ਪੱਥਰ ਆਦਿ ਸ਼ਾਮਲ ਹਨ। ਚੰਨੀ ਨੇ ਹਲਕਾ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਕਿ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹੇਗਾ। ਇਸ ਮੌਕੇ ਇੰਚਾਰਜ ਹਲਕਾ ਲੋਕ ਸਭਾ ਸ੍ਰੀ ਚਮਕੌਰ ਸਾਹਿਬ ਜ਼ੈਲਦਾਰ ਸਤਵਿੰਦਰ ਸਿੰਘ, ਹਲਕੇ ਦੇ ਪੰਜਾਹ ਪਿੰਡਾਂ ਦੇ ਪ੍ਰਧਾਨ ਫਤਿਹਜੰਗ ਸਿੰਘ ਸੋਲਖੀਆ, ਬਲਾਕ ਸੰਮਤੀ ਮੈਂਬਰ ਰਾਜੂ ਚੈੜੀਆਂ ਆਦਿ ਮੌਜੂਦ ਸਨ।