ਅਭੀ ਰਾਣਾ, ਨੰਗਲ

ਰਾਜ ਨਗਰ ਨੰਗਲ ਵਿੱਚ ਡੇਂਗੂ ਦੇ ਮਰੀਜਾਂ ਦੀ ਬਹੁਤਾਦ ਕਾਰਨ ਲੋਕ ਜ਼ਿਆਦਾ ਪਰੇਸ਼ਾਨ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕੰਮ ਨਹੀਂ ਹੋ ਰਿਹਾ। ਸਿਵਲ ਹਸਪਤਾਲ ਨੰਗਲ ਵਿੱਚ ਕਰੀਬ 15 ਮਰੀਜ ਦਾਖ਼ਲ ਹਨ ਤੇ ਕੁਝ ਰੈਫਰ ਵੀ ਕੀਤੇ ਗਏ ਹਨ। ਭਾਵੇਂ ਈਓ ਨੰਗਲ ਸਰਦਾਰ ਮਨਜਿੰਦਰ ਸਿੰਘ ਇਹ ਆਖਦੇ ਹਨ ਕਿ ਫੋਗਿੰਗ ਮਸ਼ੀਨ ਰੋਜ਼ ਘੁੰਮ ਰਹੀ ਹੈ ਪਰ ਇਹ ਮੰਨਣਾ ਹੀ ਪਏਗਾ ਕਿ ਨੰਗਲ 'ਚ ਸਫਾਈ ਪ੍ਰਬੰਧ ਠੀਕ ਨਹੀਂ ਹਨ। ਸ਼ਹਿਰ 'ਚ ਮੱਛਰ ਤੇ ਮੱਖੀਆਂ ਦੀ ਭਰਮਾਰ ਹੈ ਅਤੇ ਸੈਂਕੜੇ ਦੀ ਤਦਾਤ 'ਚ ਘੁੰਮਦੇ ਅਵਾਰਾ ਪਸ਼ੂ ਨੰਗਲ ਨੂੰ ਗ੍ਹਿਣ ਲਗਾ ਰਹੇ ਹਨ। ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਡੇਂਗੂ ਦੇ ਮਰੀਜਾਂ ਦਾ ਇਲਾਜ਼ ਮੁਫਤ ਹੋ ਰਿਹਾ ਹੈ ਜਦੋਂ ਕਿ ਮਰੀਜ ਮਹਿੰਗੀਆਂ ਦਵਾਈਆਂ ਬਾਹਰੋਂ ਲੈਣ ਲਈ ਮਜ਼ਬੂਰ ਹਨ। ਸਭ ਤੋਂ ਜ਼ਿਆਦਾ ਕੇਸ ਵਾਰਡ ਨੰਬਰ 10 ਤੋਂ ਆ ਰਹੇ ਹਨ। ਜਿੱਥੇ ਇੱਕ ਨਹੀਂ ਸਗੋਂ ਵੱਖ ਵੱਖ ਪਾਰਟੀਆਂ ਦੇ ਵੱਡੇ ਆਗੂ ਰਹਿੰਦੇ ਹਨ। ਇਸ ਵਾਰਡ ਵਿੱਚ ਚੋਣਾਂ ਸਮੇਂ ਤਾਂ ਬਹੁਤ ਸਰਗਰਮੀ ਰਹਿੰਦੀ ਹੈ ਅਤੇ ਲੰਗਰ ਵੀ ਲਗਾਏ ਜਾਂਦੇ ਹਨ ਪਰ ਹੁਣ ਕੋਈ ਆਗੂ ਨਹੀਂ ਦਿਸਦਾ। ਹਸਪਤਾਲ 'ਚ ਦਾਖ਼ਲ ਮਰੀਜਾਂ ਨਾਲ ਆਏ ਪਰਿਵਾਰ ਮੈਂਬਰ ਤਾਂ ਇੱਥੋਂ ਤੱਕ ਬੋਲ ਰਹੇ ਹਨ ਕਿ ਕੋਈ ਸਾਡੀ ਖ਼ਬਰ ਪੁੱਛਣ ਤੱਕ ਨਹੀਂ ਆਇਆ। ਸਾਬਕਾ ਕੋਂਸਲਰ ਸ਼ਿਵਾਨੀ ਠਾਕੁਰ ਨੇ ਕਿਹਾ ਕਿ ਸਰਕਾਰ ਨੂੰ ਸਾਰੇ ਕੰਮ ਛੱਡ ਕੇ ਕੋਰੋਨਾ ਮਹਾਂਮਾਰੀ ਦੌਰਾਨ ਡੇਂਗੂ ਦੇ ਹਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕੀਮਤੀ ਜਾਨਾਂ ਦਾਅ ਤੇ ਲੱਗੀਆਂ ਹੋਈਆਂ ਹਨ। ਹਸਪਤਾਲ 'ਚ ਦਾਖਲ ਮਰੀਜ ਜੇਅੰਤ ਕੁਮਾਰ (42) ਨੇ ਕਿਹਾ ਕਿ ਉਹ ਤਿੰਨ ਦਿਨ ਪਹਿਲਾ ਦਾਖ਼ਲ ਹੋਇਆ ਸੀ ਟੈਸਟਾਂ ਦੇ ਪੈਸੇ ਵੱਖ ਤੋਂ ਅਤੇ ਹੁਣ ਤੱਕ ਉਹ 2800 ਰੁਪਏ ਦੀ ਦਵਾਈ ਬਾਹਰ ਤੋਂ ਖਰੀਦ ਚੁੱਕਿਆ ਹੈ। ਕਿਉਂਕਿ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਬਾਹਰ ਤੋਂ ਹੀ ਮਿਲਦੀਆਂ ਹਨ। ਮਰੀਜ਼ ਮਿਥਲੇਸ਼ (16) ਨੇ ਕਿਹਾ ਕਿ ਉਹ 1200 ਰੁਪਏ ਦੀ ਦਵਾਈ ਬਾਹਰ ਤੋਂ ਲਿਆ ਚੁੱਕਿਆ ਹੈ। ਰਜਨੀ (19) ਨੇ ਕਿਹਾ ਕਿ ਉਹ 1000 ਰੁਪਏ ਦੀ ਦਵਾਈ ਲਿਆ ਚੁੱਕੀ ਹੈ। ਇਸੇ ਤਰਾਂ੍ਹ ਸੁਨੀਤਾ ਦੇਵੀ (62), ਗੀਤਾ (35), ਰੋਹਿਤ (18), ਰਾਮ ਪਿਆਰੀ (45), ਪਰਮਜੀਤ ਕੌਰ (33), ਸਤੀਸ਼ ਕੁਮਾਰ (52), ਸੁਰਜੀਤ ਸਿੰਘ (52) ਆਦਿ ਮਰੀਜਾਂ ਨੇ ਵੀ ਪੱਤਰਕਾਰਾਂ ਨਾਲ ਆਪਣਾ ਦੁੱਖੜਾ ਸਾਂਝਾ ਕੀਤਾ।

----

ਡੇਂਗੂ ਦੇ ਮਰੀਜ਼ ਲਈ ਤਰਲ ਪਦਾਰਥ ਜ਼ਰੂਰੀ : ਡਾ. ਵਨੀਤ

ਸਿਵਲ ਹਸਪਤਾਲ ਨੰਗਲ ਦੇ ਡਾ. ਵਨੀਤ ਨੇ ਕਿਹਾ ਕਿ ਹਸਪਤਾਲ 'ਚ ਡੇਂਗੂ ਦੇ ਇੱਕ ਦਰਜਨ ਦੇ ਕਰੀਬ ਮਰੀਜ ਦਾਖ਼ਲ ਹਨ। ਡੇਂਗੂ 'ਚ ਸਭ ਤੋਂ ਪਹਿਲਾ ਬੁਖ਼ਾਰ, ਭੁੱਖ ਨਾ ਲਗਣਾ, ਕਾਂਬਾ ਿਛੜਨਾ ਆਦਿ ਮੁੱਖ ਲੱਛਣ ਹਨ। 20 ਹਜ਼ਾਰ ਤੋਂ ਉੁਪਰ ਦੇ ਸੈੱਲ ਵਾਲੇ ਮਰੀਜ਼ਾਂ ਦਾ ਤਾਂ ਇਸੇ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ। ਇਸ ਤੋਂ ਘੱਟ ਸੈੱਲ ਵਾਲਿਆਂ ਨੂੰ ਰੈਫਰ ਕਰਨਾ ਪੈਂਦਾ ਹੈ। ਇਹ ਵਾਇਰਲ ਬੁਖ਼ਾਰ ਹੈ। ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ ਹੈ ਤੇ ਪੈਰਾਸਿੱਟਾਮੋਲ ਦਵਾਈ ਖਾਣੀ ਚਾਹੀਦੀ ਹੈ। ਡਾ. ਵਨੀਤ ਨੇ ਕਿਹਾ ਕਿ ਜੋ ਦਵਾਈਆਂ ਹਸਪਤਾਲ 'ਚ ਨਹੀਂ ਹਨ, ਸਿਰਫ ਉਹ ਹੀ ਬਾਹਰ ਤੋਂ ਲਿਖੀਆਂ ਜਾਂਦੀਆਂ ਹਨ।

------

ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ : ਸਿਵਲ ਸਰਜਨ

ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਡੇਂਗੂ ਦਾ ਸਾਰੇ ਸਰਕਾਰੀ ਹਸਪਤਾਲ 'ਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਮੈਂ ਹੁਣੇ ਹੀ ਪਤਾ ਕਰਦਾ ਕਿ ਨੰਗਲ ਸਿਵਲ ਹਸਪਤਾਲ 'ਚ ਮਰੀਜਾਂ ਨੂੰ ਦਵਾਈਆਂ ਕਿਉਂ ਨਹੀਂ ਮਿਲ ਰਹੀਆਂ ਹਨ। ਜੇਕਰ ਹਸਪਤਾਲ 'ਚ ਦਵਾਈ ਮੌਜੂਦ ਨਹੀਂ ਹੈ ਤਾਂ ਹਸਪਤਾਲ ਸਟਾਫ ਨੂੰ ਆਖਿਆ ਜਾਵੇਗਾ ਕਿ ਉਹ ਬਾਹਰ ਤੋਂ ਦਵਾਈ ਖਰੀਦ ਲੈਣ ਤਾਂ ਜੋ ਮਰੀਜਾਂ ਨੂੰ ਮੁਫਤ ਦਵਾਈ ਮੁਹੱਈਆ ਕਰਵਾਈ ਜਾ ਸਕੇ।