ਸੁਰਿੰਦਰ ਸੋਨੀ,ਸ੍ਰੀ ਆਨੰਦਪੁਰ ਸਾਹਿਬ : ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਜਿੱਥੇ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ੋ੍ਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਸ਼ੋ੍ਮਣੀ ਕਮੇਟੀ ਦੇ ਹੀ ਐਗਜ਼ੈਕਟਿਵ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨਕੇ ਅਤੇ ਅਮਰੀਕ ਸਿੰਘ ਸ਼ਾਹਪੁਰ ਨੇ ਵੀ ਬੀਬੀ ਜਗੀਰ ਕੌਰ ਦੇ ਅਸਤੀਫੇ ਦੀ ਮੰਗ ਕਰ ਦਿੱਤੀ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੱਲਬਾਤ ਕਰਦਿਆਂ ਇਨਾਂ੍ਹ ਦੋਨੋਂ ਐਗਜ਼ੈਕਟਿਵ ਕਮੇਟੀ ਮੈਂਬਰਾਂ ਨੇ ਕਿਹਾ ਕਿ ਪਿੰਡਾਂ ਅੰਦਰ ਪਿਛਲੇ ਕਈ ਸਾਲਾਂ ਤੋਂ ਇਹ ਬੇਅਦਬੀ ਦੀਆਂ ਘਟਨਾਵਾਂ ਹੋਣ ਤੋਂ ਬਾਅਦ ਹੁਣ ਇਹ ਤਖ਼ਤ ਸਾਹਿਬਾਨਾਂ ਤਕ ਪਹੁੰਚ ਗਈਆਂ ਹਨ, ਵਾਰ-ਵਾਰ ਵਾਪਰ ਰਹੀਆਂ ਇਨਾਂ੍ਹ ਘਟਨਾਵਾਂ ਲਈ ਜਿੱਥੇ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ ਉੱਥੇ ਹੀ ਸ਼ੋ੍ਮਣੀ ਕਮੇਟੀ ਵੀ ਓਨੀ ਹੀ ਜ਼ਿੰਮੇਵਾਰ ਹੈ, ਜਿਸ ਲਈ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸ਼ੋ੍ਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨਾਂ੍ਹ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਕ ਪਾਸੇ ਸਿੱਖਾਂ ਦੇ ਇਸ ਮਹਾਨ ਤਖ਼ਤ ਸਾਹਿਬ ਦੇ ਉੱਪਰ ਬੇਅਦਬੀ ਦੀ ਘਟਨਾ ਵਾਪਰ ਰਹੀ ਹੈ ਅਤੇ ਦੂਸਰੇ ਪਾਸੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ 64 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ, ਜੋ ਬੜੀ ਮੰਦਭਾਗੀ ਗੱਲ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ੋ੍ਮਣੀ ਕਮੇਟੀ ਦੇ ਨਾਲ ਜੁੜੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸ਼ੋ੍ਮਣੀ ਕਮੇਟੀ ਦੇ ਹਵਾਲੇ ਹੀ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਅਜਿਹੇ ਦੋਸ਼ੀ ਨੂੰ ਆਪਣੇ ਤਰੀਕੇ ਨਾਲ ਸਜ਼ਾ ਦੇ ਸਕੇ। ਇਸ ਮੌਕੇ ਉਨਾਂ੍ਹ ਦੇ ਨਾਲ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ, ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਚਹਿੜਮਜ਼ਾਰਾ, ਗੁਰਪ੍ਰਰੀਤ ਸਿੰਘ ਅਤੇ ਬਾਬਾ ਸ਼ਸ਼ੀਪਾਲ ਸਿੰਘ ਵੀ ਹਾਜ਼ਰ ਸਨ।