ਫੋਟੋ-28 ਆਰਪੀਆਰ 203 ਪੀ, 204 ਪੀ

ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਡੀਸੀ ਸੋਨਾਲੀ ਗਿਰੀ ਨੂੰ ਮੰਗ ਪੱਤਰ ਦਿੰਦੇ ਹੋਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ।

ਗੈਰ ਮਿਆਰੀ ਬੀਜ ਵੇਚਣ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ

ਸਰਬਜੀਤ ਸਿੰਘ, ਰੂਪਨਗਰ : ਝੋਨੇ ਦੇ ਗੈਰ ਮਿਆਰੀ ਬੀਜ ਵੇਚਣ ਦੇ ਮਾਮਲੇ ਨੂੰ ਲੈ ਕੇ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵੱਲੋਂ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਰਾਜਪਾਲ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਡਾ.ਚੀਮਾ ਵੱਲੋਂ ਬੀਜ ਸਕੈਂਡਲ ਦੀ ਉੱਚ ਪੱਧਰੀ ਜਾਂਚ ਕਰਨ ਤੇ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਮੁਲਜ਼ਮਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਰੂਪਨਗਰ ਪ੍ਰਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਝੋਨੇ ਦਾ ਗੈਰ ਮਿਆਰੀ ਬੀਜ ਵੇਚਣ ਦਾ ਮਾਮਲਾ ਬਹੁਤ ਹੀ ਗੰਭੀਰ ਹੈ ਅਤੇ ਮਹਿੰਗੇ ਭਾਅ ਬੀਜ ਵੇਚ ਕੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 11 ਮਈ ਨੂੰ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਦੀ ਇਕ ਟੀਮਿ ਨੇ ਪੰਜਾਬ ਖੇਤੀਬਾੜੀ 'ਵਰਸਿਟੀ ਲੁਧਿਆਣਾ ਦੇ ਗੇਟ ਨੰਬਰ 1 ਦੇ ਸਾਹਮਣੇ ਮੈਸ. ਬਰਾੜ ਸੀਡਜ਼ ਸਟੋਰ ਲੁਧਿਆਣਾ ਦੀ ਦੁਕਾਨ 'ਤੇ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਦੁਕਾਨ 'ਚੋਂ ਝੋਨੇ ਦੀ ਕਿਸਮ ਪੀਆਰ 128 ਦੇ 30 ਕਿਲੋ ਵਜ਼ਨ ਵਾਲੇ 185 ਥੈਲੇ, 5 ਕਿਲੋ ਵਜ਼ਨ ਵਾਲੇ 5 ਅਤੇ 10 ਕਿਲੋ ਵਜ਼ਨ ਵਾਲੇ 67 ਥੈਲੇ ਫੜੇ ਗਏ ਸਨ। ਇਸੇ ਤਰ੍ਹਾਂ ਝੋਨੇ ਦੀ ਕਿਸਮ ਪੀਆਰ 129 ਦੇ 5 ਕਿਲੋ ਵਜ਼ਨ ਵਾਲੇ 30 ਤੇ 10 ਕਿਲੋ ਵਜ਼ਨ ਵਾਲੇ 39 ਥੈਲੇ ਫੜੇ ਗਏ ਸਨ। ਉਨ੍ਹਾਂ ਕਿਹਾ ਕਿ ਝੋਨੇ ਦੀਆਂ ਇਹ ਦੋਵੇਂ ਨਵੀਆਂ ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਾਉਣੀ 2020-21 ਸੀਜ਼ਨ ਦੌਰਾਨ ਕਿਸਾਨਾਂ ਨੂੰ ਸਿਰਫ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚੋਂ 70 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਦਿੱਤੀਆਂ ਗਈਆਂ ਅਤੇ ਹੋਰ ਕਿਸੇ ਸੰਸਥਾ ਜਾ ਸਟੋਰ ਕੋਲ ਵੇਚਣ ਦੀ ਪ੍ਰਵਾਨਗੀ ਨਹੀਂ ਹੈ। ਜਦਕਿ ਮੈਸ. ਬਰਾੜ ਸੀਡਜ ਸਟੋਰ ਲੁਧਿਆਣਾ ਵਲੋਂ ਦੋਵੇਂ ਕਿਸਮਾਂ ਨੂੰ 200 ਰੁਪਏ ਪ੍ਰਤੀ ਕਿਲੋ ਜੋ ਕਿ 20 ਹਜ਼ਾਰ ਰੁਪਏ ਪ੍ਰਤੀ ਕੁਵਿੰਟਲ ਬਣਦਾ ਹੈ 'ਤੇ ਵੇਚ ਕੇ ਬੇਹਿਸਾਬ ਮੁਨਾਫਾ ਕਮਾਇਆ ਗਿਆ ਅਤੇ ਕਿਸਾਨਾਂ ਦੀ ਲੁੱਟ ਕੀਤੀ ਗਈ ਹੈ। ਡਾ.ਚੀਮਾ ਨੇ ਕਿਹਾ ਕਿ ਮੈਸ.ਬਰਾੜ ਸੀਡਜ਼ ਸਟੋਰ ਵਲੋਂ ਇਹ ਬੀਜ ਮੈਸ.ਕਰਨਾਲ ਐਗਰੀ ਸੀਡਜ਼ ਪਿੰਡ ਵੈਰੋਕੇ, ਡੇਰਾ ਬਾਬਾ ਨਾਨਕ ਪਾਸੋਂ ਖਰੀਦਿਆ ਗਿਆ ਸੀ। ਡਾ.ਚੀਮਾ ਨੇ ਕਿਹਾ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣ ਅਤੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ।

ਸ਼ਰਾਬ ਦੀ ਗੈਰ ਕਾਨੂੰਨੀ ਵਿਕਰੀ ਨਾਲ ਸੂਬੇ ਦੇ ਖਜ਼ਾਨੇ ਨੂੰ ਘਾਟਾ ਪਿਆ

ਸ੍ਰੀ ਚਮਕੌਰ ਸਾਹਿਬ ਦੇ ਸੁੰਦਰੀਕਰਨ ਲਈ ਨਗਰ ਪੰਚਾਇਤ ਵਲੋਂ ਦੁਕਾਨਾਂ ਹਟਾਉਣ ਨੂੰ ਲੈ ਕੇ ਦੁਕਾਨਦਾਰਾਂ ਨਾਲ ਪੱਖਪਾਤ ਕਰਨ ਦੇ ਲੱਗ ਰਹੇ ਦੋਸ਼ਾਂ ਦੇ ਬਾਰੇ ਡਾ.ਚੀਮਾ ਤੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਅਕਾਲੀ ਦਲ ਦੇ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਹਰ ਦੁਕਾਨਦਾਰ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਕਿਸੇ ਵੀ ਦੁਕਾਨਦਾਰ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਡਾ.ਚੀਮਾ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਪੰਜਾਬ ਕੈਬਨਿਟ ਤੋ ਮਾਫੀ ਮੰਗਣ ਦੇ ਮੁੱਦੇ ਬਾਰੇ ਕਿਹਾ ਕਿ ਇਕ ਪਾਸੇ ਤਾਂ ਕੈਬਿਨਟ ਮੰਤਰੀ ਤੇ ਕਈ ਵਿਧਾਇਕਾਂ ਵਲੋਂ ਕਰਨ ਅਵਤਾਰ ਸਿੰਘ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਦਾ ਪੁੱਤਰ ਸ਼ਰਾਬ ਕਾਰੋਬਾਰੀਆਂ ਨਾਲ ਮਿਲਿਆ ਹੋਇਆ ਹੈ ਅਤੇ ਗੈਰ ਕਾਨੂੰਨੀ ਵਿਕਰੀ ਹੋਣ ਕਰਕੇ ਸਰਕਾਰ ਨੂੰ ਐਕਸਾਈਜ਼ ਟੈਕਸ ਪੱਖੋਂ ਵੱਡਾ ਘਾਟਾ ਪੈ ਰਿਹਾ ਹੈ। ਜਦਕਿ ਹੁਣ ਮਾਫੀ ਮੰਗਣ ਕਰਕੇ ਮਾਮਲਾ ਠੰਡਾ ਪੈ ਦਿੱਤਾ ਹੈ, ਜਿਸ ਨਾਲ ਸਾਫ ਹੈ ਕਿ ਸਭ ਕੁੱਝ ਮਿਲੀਭੁਗਤ ਨਾਲ ਹੋ ਰਿਹਾ ਹੈ ਅਤੇ ਸਰਕਾਰ ਲਗਾਤਾਰ ਘਾਟੇ ਵੱਲ ਜਾ ਰਹੀ ਹੈ ਅਤੇ ਗੈਰ ਕਾਨੂੰਨੀ ਸ਼ਰਾਬ ਮਾਫੀਆ ਸਰਕਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਪਾ ਰਿਹਾ ਹੈ। ਸੂਬੇ ਵਿਚ ਕਾਂਗਰਸ ਦੇ ਆਗੂਆਂ ਦੀ ਸ਼ਰਾਬ ਦੀਆਂ ਫੈਕਟਰੀਆਂ ਅਤੇ ਸਰਕਾਰੀ ਸਰਪ੍ਰਸਤੀ ਨਾਲ ਘਰੋਂ ਘਰੀ ਸ਼ਰਾਬ ਪਹੁੰਚਾਉਣ ਦਾ ਸਕੈਂਡਲ ਅਤੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਜਿਸ ਨਾਲ ਸੂਬੇ ਦੇ ਖਜ਼ਾਨੇ ਨੂੰ 5600 ਕਰੋੜ ਦਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਲਾਕਡਾਊਨ ਦੌਰਾਨ ਵੀ ਰੇਤ ਮਾਫੀਆ ਸਰਗਰਮ ਰਿਹਾ ਹੈ ਅਤੇ ਪੰਜਾਬ ਦੇ ਰੇਤ ਦੇ ਠੇਕੇਦਾਰਾਂ ਨੂੰ ਮਹੀਨਾਵਾਰ ਕਰੀਬ 26 ਕਰੋੜ ਰੁਪਏ ਦੇ ਮਾਲੀਏ ਨੂੰ ਘਟਾ ਕੇ 4 ਕਰੋੜ 85 ਲੱਖ ਰਪੁਏ ਪ੍ਰਤੀ ਮਹੀਨਾ ਕੀਤਾ ਗਿਆ, ਜੋ ਕਿ ਖਜ਼ਾਨੇ ਦੀ ਵੱਡੀ ਲੁੱਟ ਹੈ।

----------------

ਰੋਪੜ ਵਾਸੀ ਪੀਣ ਵਾਲੇ ਪਾਣੀ ਨਾ ਮਿਲਣ ਕਾਰਨ ਪਰੇਸ਼ਾਨ

ਰੋਪੜ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਆ ਰਹੀ ਸਮੱਸਿਆ ਦੇ ਬਾਰੇ ਡਾ.ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਸਮੇਂ 56 ਕਰੋੜ ਦਾ ਵਾਟਰ ਸਪਲਾਈ ਦਾ ਪ੍ਰਰੋਜੈਕਟ ਪਾਸ ਹੋਇਆ ਸੀ। ਉਨ੍ਹਾਂ ਕਿਹਾ ਕਿ ਰੋਪੜ ਸ਼ਹਿਰ ਵਿਚ ਵੱਡੀ ਪਾਣੀ ਦੀ ਟੈਂਕੀ ਵੀ ਬਣਾਈ ਗਈ ਸੀ ਪਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਕੰਮ ਜੋ ਕੋਤਾਹੀ ਵਰਤੀ ਗਈ ਹੈ। ਜਿਸ ਕਾਰਨ ਸ਼ਹਿਰਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਰੋਪੜ ਜ਼ਿਲ੍ਹੇ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਿਚ ਫੈਕਟਰੀਆਂ 'ਤੇ ਕੰਮ ਲਈ ਜਾਣ ਵਾਲੇ ਲੋਕਾਂ ਨੂੰ ਹਿਮਾਚਲ ਸਰਕਾਰ ਵੱਲੋਂ ਰੋਕਣ ਦੇ ਮਾਮਲੇ ਬਾਰੇ ਡਾ.ਚੀਮਾ ਨੇ ਕਿਹਾ ਕਿ ਸਰਕਾਰ ਨੂੰ ਰੋਪੜ ਜ਼ਿਲ੍ਹੇ ਦੇ ਜੋ ਲੋਕ ਹਿਮਾਚਲ ਵਿਚ ਕੰਮ ਕਰਨ ਜਾਂਦੇ ਹਨ, ਉਨ੍ਹਾਂ ਦੇ ਪਾਸ ਬਣਾਉਣੇ ਚਾਹੀਦੇ ਹਨ।

-----------

ਅਕਾਲੀ ਦਲ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰੇਗਾ

ਡਾ.ਚੀਮਾ ਨੇ ਸੂਬੇ ਵਿਚ ਅਮਨ ਕਾਨੂੰਨ ਦੀ ਬਿਗੜ ਰਹੀ ਹਾਲਾਤ 'ਤੇ ਵੀ ਚਿੰਤਾ ਪ੍ਰਗਟ ਕੀਤੀ। ਡਾ.ਚੀਮਾ ਨੇ ਕਿਹਾ ਕਿ ਲੋਕ ਤੰਤਰ ਦਾ ਚੌਥਾ ਥੰਮ ਪੱਤਰਕਾਰਾਂ 'ਤੇ ਹੁਣ ਆਏ ਦਿਨ ਹਮਲੇ ਹੋ ਰਹੇ ਹਨ ਅਤੇ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵਲੋਂ ਜਲਦ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ ਅਤੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਰੱਖੀ ਜਾਵੇਗੀ। ਇਸ ਮੌਕੇ ਜੱਥੇਦਾਰ ਪਰਮਜੀਤ ਸਿੰਘ ਲੱਖੇਵਾਲ, ਹਰਮੋਹਨ ਸਿੰਘ ਸੰਧੂ, ਅਮਰਜੀਤ ਸਿੰਘ ਚਾਵਲਾ, ਜੱਥੇਦਾਰ ਅਜਮੇਰ ਸਿੰਘ ਖੇੜੀ, ਜੱਥੇਦਾਰ ਗੁਰਿੰਦਰ ਸਿੰਘ ਗੋਗੀ, ਪਰਮਜੀਤ ਸਿੰਘ ਮੱਕੜ, ਸੰਦੀਪ ਸਿੰਘ ਕਲੌਤਾ, ਟਿੱਕਾ ਯਸ਼ਸ਼ਵੀਰ ਚੰਦ, ਮੋਹਨ ਸਿੰਘ ਢਾਹੇ ਆਦਿ ਮੌਜੂਦ ਸਨ।