ਮਨਪ੍ਰੀਤ ਸਿੰਘ, ਘਨੌਲੀ : ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਵੱਡੀ ਰਾਹਤ ਮਿਲੀ ਹੈ। ਇਸ ਦੇ ਚੱਲਦੇ ਬੀਤੇ ਦਿਨੀਂ ਪੀ.ਐੱਸ.ਪੀ.ਸੀ.ਐੱਲ. ਨੇ ਬਿਜਲੀ ਦੀ ਘਟਦੀ ਮੰਗ ਨੂੰ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਤਿੰਨ ਯੂਨਿਟ ਵੀ ਬੰਦ ਕਰ ਦਿੱਤੇ ਗਏ ਸਨ।

ਇਸ ਤੋਂ ਬਾਅਦ ਬੀਤੇ ਦਿਨੀਂ ਚਾਰ ਨੰਬਰ ਯੂਨਿਟ ਨੂੰ ਸਵੇਰੇ ਸਾਢੇ ਸੱਤ ਵਜੇ ’ਤੇ ਬੰਦ ਕੀਤਾ ਗਿਆ। ਉਸ ਤੋਂ ਬਾਅਦ ਪੰਜ ਨੰਬਰ ਯੂਨਿਟ ਨੂੰ ਡੇਢ ਵਜੇ ਬੰਦ ਕੀਤਾ ਗਿਆ ਅਤੇ ਬਾਅਦ ਦੁਪਹਿਰ ਤਿੰਨ ਨੰਬਰ ਯੂਨਿਟ ਨੂੰ ਵੀ ਤਿੰਨ ਵਜੇ ਬੰਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸਿਰਫ਼ ਛੇ ਨੰਬਰ ਯੂਨਿਟ 160 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਸੀ।

ਇਸ ਮੌਕੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਦੇ ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਛੇ ਨੰਬਰ ਯੂਨਿਟ ਨੂੰ ਵੀ ਬਿਜਲੀ ਦੀ ਨੋ ਡਿਮਾਂਡ ਦੇ ਚੱਲਦਿਆਂ ਬੁੱਧਵਾਰ ਸਵੇਰੇ ਤਕਰੀਬਨ 8 ਵੱਜ ਕੇ 23 ਮਿੰਟ ਤੇ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਅਨੁਸਾਰ ਬਾਰਿਸ਼ ਤੋਂ ਬਾਅਦ ਮੌਸਮ ਦੇ ਵਿੱਚ ਆਈ ਠੰਡਕ ਕਾਰਨ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਘਟੀ ਗਈ ਹੈ। ਇਸ ਦੇ ਚੱਲਦੇ ਮੈਨੇਜਮੈਂਟ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦਾ ਛੇ ਨੰਬਰ ਯੂਨਿਟ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

Posted By: Jatinder Singh