ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਭਾਜਪਾ ਦੇ ਪੰਜਾਬ ਦੇ ਨਵ ਨਿਯੁਕਤ ਸਪੋਕਸਮੈਨ ਜਤਿੰਦਰ ਸਿੰਘ ਅਠਵਾਲ ਨੂੰ ਉਹਨਾਂ ਦੇ ਵੱਟਸਐਪ ਨੰਬਰ 8437611000 ਤੇ ਅੱਤਵਾਦੀਆਂ ਵੱਲੋਂ ਵਿਦੇਸ਼ੀ ਨੰਬਰ+48459081976 ਤੋਂ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਪਿੱਛੋਂ ਪੰਜਾਬ ਪੁਲਿਸ ਅਤੇ ਰਾਜ ਦੀਆਂ ਅਤੇ ਕੇਂਦਰ ਦੀਆਂ ਖ਼ੁਫ਼ੀਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਪੋਕਸਮੈਨ ਜਤਿੰਦਰ ਸਿੰਘ ਅਠਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਤਵਾਦੀਆਂ ਵੱਲੋਂ ਵੱਟਸਐਪ ਕਾਲ ਕਰਕੇ ਮੈਨੂੰ ਅਤਿ ਮਾੜੀ ਸ਼ਬਦਾਵਲੀ ਵਿੱਚ ਕਿਹਾ ਕਿ ਤੂੰ ਸਿੱਖ ਹੋ ਕੇ ਹਿੰਦੂਤਵ ਪਾਰਟੀ ਭਾਜਪਾ ਨਾਲ ਰਲ਼ਿਆ ਹੋਇਆ ਹੈਂ, ਤੂੰ ਹਮੇਸ਼ਾ ਭਾਜਪਾਈਆਂ ਨਾਲ ਚਿਪਕਿਆ ਰਹਿੰਦਾ ਹੈਂ ।ਅਸੀਂ ਤੈਨੂੰ ਪੱਕਾ ਹੀ ਨਰਿੰਦਰ ਮੋਦੀ ਨਾਲ ਚਿਪਕਾ ਦੇਵਾਂਗੇ। ਤੂੰ ਕਿੱਥੇ ਕਿੱਥੇ ਜਾਂਦਾ ਹੈਂ, ਸਾਨੂੰ ਸਾਰੀ ਖ਼ਬਰ ਅਤੇ ਜਾਣਕਾਰੀ ਰਹਿੰਦੀ ਹੈ। ਜੋ ਖਾਣਾ-ਪੀਣਾ ਹੈ ਖਾ-ਪੀ ਲੈ ਤੈਨੂੰ ਪੰਜ-ਚਾਰ ਦਿਨਾਂ ਵਿਚ ਹੀ ਸੋਧ ਦੇਵਾਂਗੇ। ਅੱਗੋਂ ਮੈਂ ਵੀ ਗਰਜਵੀਂ ਆਵਾਜ਼ ਵਿੱਚ ਅੱਤਵਾਦੀਆਂ ਨੂੰ ਧਮਕੀ ਦਿੰਦਿਆਂ ਕਿਹਾ ਕਿ ਮੈਂ ਵੀ ਜੱਟ ਦਾ ਪੁੱਤ ਹਾਂ, ਗਿੱਦੜ ਧਮਕੀਆਂ ਤੋਂ ਨਹੀਂ ਡਰਦਾ, ਭਾਜਪਾ ਦਾ ਪੱਕਾ ਸਿਪਾਹੀ ਹਾਂ। ਪਾਰਟੀ ਲਈ ਸ਼ਹੀਦੀ ਪ੍ਰਾਪਤ ਕਰ ਸਕਦਾ ਹਾਂ। ਮੋਦੀ ਨਾਲ ਹੀ ਖੜ੍ਹਾਂਗਾ ਅਤੇ ਦੁਨੀਆ ਦੀ ਕੋਈ ਤਾਕਤ ਸਾਨੂੰ ਭਾਜਪਾ ਤੋਂ ਅਲੱਗ ਨਹੀਂ ਕਰ ਸਕਦੀ । ਮੋਦੀ ਤਾਂ ਸਾਡੇ ਦਿਲ ਵਿਚ ਵੱਸਦਾ ਹੈ। ਤੈਨੂੰ ਵੇਖ ਲਵਾਂਗੇ ਵੱਡੇ ਮੋਦੀ ਭਗਤ ਨੂੰ ਐਨਾ ਕਹਿੰਦਿਆਂ ਉਨ੍ਹਾਂ ਫੋਨ ਕੱਟ ਦਿੱਤਾ।

ਅੱਤਵਾਦੀਆਂ ਦੀ ਇਸ ਧਮਕੀ ਸਬੰਧੀ ਸ੍ਰੀ ਜਤਿੰਦਰ ਸਿੰਘ ਅਟਵਾਲ ਨੇ ਰੂਪਨਗਰ ਦੇ ਐੱਸਐੱਸ ਪੀ ਸ੍ਰੀ ਵਿਵੇਕ ਸ਼ੀਲ ਸੋਨੀ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਹੈ। ਪੁਲਿਸ ਨੇ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਯਾਦ ਰਹੇ ਕਿ ਜਤਿੰਦਰ ਸਿੰਘ ਅਟਵਾਲ ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਜੰਮਪਲ ਹਨ ਅਤੇ ਪੱਕੇ ਤੌਰ 'ਤੇ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਵਸਨੀਕ ਹਨ।ਪਹਿਲਾਂ ਉਹ ਭਾਜਪਾ ਦੇ ਕਿਸਾਨ ਸੈੱਲ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਉਸ ਤੋਂ ਬਾਅਦ ਉਹ ਜ਼ਿਲਾ ਰੂਪਨਗਰ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ । ਭਾਜਪਾ ਦੇ ਸਾਬਕਾ ਐੱਮਐਲਏ ਦੀ ਟਿਕਟ ਦੇ ਦਾਅਵੇਦਾਰਾਂ ਵਿਚੋਂ ਇੱਕ ਰਹੇ ਵਧੀਆ ਬੁਲਾਰੇ ਅਤੇ ਬੀਤੇ ਮਹੀਨੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਗਏ ਹੋਏ ਸਨ।

Posted By: Jagjit Singh