ਸਟਾਫ ਰਿਪੋਰਟਰ, ਰੂਪਨਗਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਈਕਲ ਯਾਤਰਾ ਦਾ ਆਯੋਜਨ ਰੋਪੜ ਤੋਂ ਸੁਲਤਾਨਪੁਰ ਲੋਧੀ ਤੱਕ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਵਲੋਂ ਕੀਤਾ ਗਿਆ। ਸੰਸਥਾ ਦੇ 13 ਮੈਂਬਰਾਂ ਦੀ ਸਾਈਕਲ ਟੋਲੀ ਨੂੰ ਸਥਾਨਕ ਯੂਥ ਹੋਸਟਲ ਰੂਪਨਗਰ ਤੋਂ ਹਰੀ ਝੰਡੀ ਦੇ ਕੇ ਸੁਰਿੰਦਰ ਸੈਣੀ, ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ੍ਹ ਵਲੋਂ ਰਵਾਨਾਂ ਕਰਨ ਤੋਂ ਪਹਿਲਾਂ, ਯਾਤਰਾ ਦੀ ਸਫਲਤਾ ਲਈ ਅਰਦਾਸ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਲੋਂ ਕੀਤੀ ਗਈ। ਇਸ ਮੌਕੇ ਪੰਜਾਬ ਦੇ ਵੱਖ ਵੱਖ 6 ਜ਼ਿਲਿ੍ਹਆਂ ਦੇ ਨੌਜਵਾਨ ਲੜਕੇ ਤੇ ਲੜਕੀਆਂ ਵੀ ਹਾਜ਼ਰ ਸਨ।

ਇਸ 13 ਮੈਂਬਰੀ ਸਾਈਕਲ ਕਾਫਲੇ ਦਾ ਰਾਹੋਂ ਵਿਖੇ ਗੁਰਸਿਮਰਨ ਸਿੰਘ ਬੇਦੀ, ਵਿਕਾਸ, ਸੁਖਵੰਤ ਸਿੰਘ ਤੇ ਹੈਲਪਿੰਗ ਹੈਂਡਜ਼ ਦੇ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ। ਇਥੇ ਸਵੇਰੇ ਦੇ ਨਾਸ਼ਤੇ ਉਪਰੰਤ ਕਾਫਲੇ ਦਾ ਅਗਲਾ ਪੜਾਅ ਸਤਲੁਜ ਕਲੱਬ ਫਿਲੌਰ ਵਿਖੇ ਕੀਤਾ ਗਿਆ, ਜਿਥੇ ਸਾਈਕਲ ਸਵਾਰਾਂ ਦਾ ਸਵਾਗਤ ਵਿਕਾਸ, ਮਨੀਸ਼ ਸ਼ਰਮਾ, ਅਨਿਲ ਪੰਮਾ ਅਤੇ ਸਾਥੀਆਂ ਵਲੋਂ ਕੀਤਾ ਗਿਆ। ਕਲੱਬ ਵਲੋਂ ਸਾਈਕਲ ਟੋਲੀ ਲਈ ਚਾਹ ਪਕੌੜਿਆਂ ਦਾ ਪ੍ਰਬੰਧ ਕੀਤਾ ਗਿਆ। ਫਿਲੌਰ ਤੋਂ ਇਹ ਕਾਫਲਾ ਤਲਵਣ, ਰਾਜੋਵਾਲ ਆਦਿ ਸਥਾਨਾਂ ਤੋਂ ਹੁੰਦਾ ਹੋਇਆ ਪਿੰਡ ਗੋਲਸੀਆਂ ਪੀਰਾਂ ਪੁੱਜਾ, ਜਿਥੇ ਕਾਫਲੇ ਦਾ ਸਵਾਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵਲੋਂ ਕੀਤਾ ਗਿਆ। ਪਿੰਡ ਵਾਸੀਆਂ ਵਲੋਂ ਸਾਈਕਲ ਸਵਾਰਾਂ ਨੁੰੂ ਚਾਹ ਪ੍ਰਸ਼ਾਦ ਛਕਾਇਆ ਗਿਆ। ਇਸ ਤੋਂ ਬਾਅਦ ਕਾਫਲਾ ਨਿਰਮਲ ਕੁਟੀਆ ਸੀਚੇਵਾਲ ਪਹੁੰਚ ਗਿਆ। ਇਥੇ ਸ਼ਾਮ ਸਮੇਂ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਗੱਲਬਾਤ ਕਰਦਿਆਂ ਯਾਤਰਾ ਦੇ ਮੰਤਵ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਉਪਰੰਤ ਕਾਫਲਾ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ। ਇਸ ਟੀਮ ਵਿਚ ਗੁਰਬਚਨ ਸਿੰਘ ਸੋਢੀ, ਯਸਵੰਤ ਬੱਸੀ, ਸੁਰਿੰਦਰ ਸਿੰਘ ਬਬਾਨੀ, ਪਾਲੀ ਰਾਏਪੁਰ, ਸੰਜੀਵ ਮੋਠਾਪੁਰ, ਜਗਦੀਪ ਸਿੰਘ, ਗੁਰਪ੍ਰਰੀਤ ਝੱਲੀਆਂ, ਅਮਰਜੀਤ ਸਿੰਘ ਪੰਜੋਲ਼ੀ, ਦਵਿੰਦਰ ਚਨੌਲੀ, ਜਗਦੀਪ ਮੀਆਂਪੁਰ, ਗੁਰਜੀਤ ਸਿੰਘ ਚਮਕੌਰ ਸਾਹਿਬ, ਸ਼ਿਵ ਕੁਮਾਰ ਸੈਣੀ ਅਤੇ ਸੁਰਜੀਤ ਸਿੰਘ ਖੱਟੜਾ ਆਦਿ ਸ਼ਾਮਿਲ ਸਨ।