ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ

ਬੀਤੀ ਰਾਤ ਨੂੰ ਗੁਰੂੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੇਜ਼ ਰਫਤਾਰ ਇਨੋਵਾ ਨੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਉਸ ਨੂੰ ਘੜੀਸਦੀ ਹੋਈ ਬੜੀ ਦੂਰ ਤਕ ਲੈ ਗਈ। ਜਿਸ ਕਰਕੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਰਾਪਤ ਜਾਣਕਾਰੀ ਮੁਤਾਬਕ ਅੰਮਿ੍ਤਪਾਲ ਸਿੰਘ ਸੋਨੂੰ 33 ਸਾਲ, ਪੁੱਤਰ ਅਵਤਾਰ ਸਿੰਘ ਰਾਤ ਨੂੰ ਨਵੀਂ ਆਬਾਦੀ ਤੋਂ ਆਪਣੀ ਰੈਡੀਮੇਡ ਦੀ ਦੁਕਾਨ ਬੰਦ ਕਰਕੇ ਪੈਦਲ ਆਪਣੇ ਘਰ ਆ ਰਿਹਾ ਸੀ। ਰਸਤੇ ਵਿਚ ਉਸ ਦੇ ਤਿੰਨ ਦੋਸਤ ਮਿਲੇ ਤੇ ਚਾਰੋਂ ਇਕੱਠੇ ਹੀ ਗੱਲਾਂ ਕਰਦੇ ਆ ਰਹੇ ਸਨ। ਰਾਤ 9 ਵਜੇ ਦੇ ਕਰੀਬ ਜਦੋਂ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਥੱਲ੍ਹੇ ਜਾ ਰਹੇ ਸਨ ਤਾਂ ਬਗੈਰ ਨੰਬਰ ਪਲੇਟ ਤੋਂ ਚਿੱਟੇ ਰੰਗ ਦੀ ਇਨੋਵਾ ਗੱਡੀ ਤੇਜ਼ ਰਫਤਾਰ ਆਈ ਤੇ ਪਿੱਛੇ ਤੋਂ ਉਨ੍ਹਾਂ ਦੇ ਵਿਚ ਵੱਜੀ। ਦੋ ਭੈਣਾਂ ਦਾ ਇਕਲੋਤਾ ਭਰਾ ਸੋਨੂੰ ਗੱਡੀ ਦੇ ਥੱਲ੍ਹੇ ਆ ਗਿਆ, ਜਦੋਂ ਕਿ ਬਾਕੀ ਤਿੰਨਾਂ ਨੂੰ ਵੀ ਗੱਡੀ ਨੇ ਆਪਣੀ ਲਪੇਟ ਵਿਚ ਲਿਆ। ਗੱਡੀ ਦੇ ਥੱਲੇ੍ਹ ਸੋਨੂੰ ਫਸ ਗਿਆ ਤੇ ਗੱਡੀ ਉਸ ਨੂੰ ਬੜੀ ਦੂਰ ਤਕ ਆਪਣੇ ਨਾਲ ਘੜੀਸਦੀ ਲੈ ਗਈ ਤੇ ਸਥਾਨਕ ਕਚਹਿਰੀ ਰੋਡ 'ਤੇ ਐੱਸਡੀਐੱਮ ਦਫਤਰ ਦੇ ਨੇੜੇ ਉਸ ਨੂੰ ਸੁੱਟ ਦਿੱਤਾ ਗਿਆ। ਆਸ-ਪਾਸ ਦੇ ਦੁਕਾਨਦਾਰਾਂ ਨੇ ਗੱਡੀ ਪਿੱਛੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਗੱਡੀ ਤੇਜ਼ ਰਫਤਾਰ ਨਾਲ ਚਲੀ ਗਈ। ਸੋਨੂੰ ਦੇ ਨਾਲ ਤਿੰਨੋਂ ਦੋਸਤ ਜੋ ਇਸ ਘਟਨਾ ਵਿਚ ਜ਼ਖ਼ਮੀ ਹੋ ਗਏ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡੀਐੱਸਪੀ ਦਵਿੰਦਰ ਸਿੰਘ, ਚੌਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਵੱਲੋਂ ਉਨ੍ਹਾਂ ਦੇ ਬਿਆਨ ਲਏ ਗਏ।

-------------

ਪੁਲਿਸ ਪੜਤਾਲ ਕਰਕੇ ਕਰੇਗੀ ਸਖ਼ਤ ਕਾਰਵਾਈ : ਡੀਐੱਸਪੀ

ਇਸ ਮੌਕੇ ਡੀਐੱਸਪੀ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਘਟਨਾ ਦੀ ਫੁਟੇਜ ਕਢਵਾਈ ਹੈ। ਉਨ੍ਹਾਂ ਕਿਹਾ ਪਹਿਲਾਂ ਵੀ ਇਨ੍ਹਾਂ ਦੀ ਆਪਸੀ ਰੰਜਿਸ਼ ਚੱਲ ਰਹੀ ਸੀ, ਹੁਣ ਵਾਲ਼ੀ ਘਟਨਾ ਤੋਂ ਲੱਗਦਾ ਹੈ ਕਿ ਜਾਣਬੁਝ ਕੇ ਗੱਡੀ ਇਨ੍ਹਾਂ ਉੱਪਰ ਚੜ੍ਹਾਈ ਗਈ। ਉਨ੍ਹਾਂ ਦੱਸਿਆ ਕਿ ਕੁੱਲ ਚਾਰ ਜਣਿਆਂ ਖ਼ਿਲਾਫ਼ ਧਾਰਾ 302, 307, 323 ਅਧੀਨ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

--------------

ਇਹ ਐਕਸੀਡੈਂਟ ਨਹੀ ਸਗੋਂ ਕਤਲ ਹੈ : ਅਰੋੜਾ

ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਸਮੁੱਚਾ ਵਪਾਰ ਮੰਡਲ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਇਹ ਐਕਸੀਡੈਂਟ ਨਹੀ ਸਗੋਂ ਕਤਲ ਹੈ, ਜਿਸ ਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

---------

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਲਿਆ ਨੋਟਿਸ

ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਮਨੁੱਖੀ ਅਧਿਕਾਰ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਰੈਨੂੰ ਨੇ ਕਿਹਾ ਕਿ ਇਲਾਕੇ ਵਿਚ ਇਹ ਬਹੁਤ ਮਾੜੀ ਘਟਨਾ ਹੈ। ਉਨ੍ਹਾਂ ਕਿਹਾ ਪ੍ਰਸ਼ਾਸਨ ਇਸ ਦੀ ਪੂਰੀ ਪੜਤਾਲ ਕਰਕੇ ਸਖ਼ਤ ਕਾਰਵਾਈ ਕਰੇ ਨਹੀ ਤਾਂ ਸੰਗਠਨ ਇਸ ਨੂੰ ਆਪਣੇ ਹੱਥ ਲੈ ਕੇ ਕਾਰਵਾਈ ਕਰੇਗਾ।

---------------

ਪਿਤਾ ਨੇ ਅੱਜ ਜਾਣਾ ਸੀ ਦੁਬਈ

ਮਿ੍ਤਕ ਸੋਨੂੰ ਦੇ ਪਿਤਾ ਅਵਤਾਰ ਸਿੰਘ ਨੇ ਅੱਜ ਦੁਬਈ ਜਾਣਾ ਸੀ ਪਰ ਅਚਨਚੇਤ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਤੇ ਉਨ੍ਹਾਂ ਨੂੰ ਆਪਣੇ ਨੌਜਵਾਨ ਪੁੱਤਰ ਦੀ ਮੌਤ ਦਾ ਦੁੱਖ ਸਹਾਰਨਾ ਪੈ ਗਿਆ। ਉਨ੍ਹਾਂ ਆਪਣੇ ਪੁੱਤਰ ਦੇ ਕਾਤਲਾਂ ਦਾ ਪਤਾ ਲਗਵਾ ਕੇ ਇਨਸਾਫ ਦੀ ਮੰਗ ਕੀਤੀ ਹੈ। ਅੱਜ ਵੀਰਵਾਰ ਨੂੰ ਸੋਨੂੰ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।