ਸਰਬਜੀਤ ਸਿੰਘ, ਰੂਪਨਗਰ

ਮਿਸ਼ਨ ਡਾਇਰੈਕਟਰ ਐੱਨਐੱਚਐੱਮ ਪੰਜਾਬ ਕੁਮਾਰ ਰਾਹੁਲ ਵਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ਕੋਵਿਡ ਵੈਕਸੀਨ ਦੇ ਪਹਿਲੇ ਗੇੜ ਸੰਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਸਿਵਲ ਸਰਜਨ ਡਾ. ਦਵਿੰਦਰ ਕੁਮਾਰ, ਪ੍ਰਰੋਗਰਾਮ ਅਫਸਰਾਂ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਕੋਵਿਡ ਵੈਕਸੀਨ ਦੀ ਤਿਆਰੀਆਂ ਸੰਬੰਧੀ ਵੱਖ ਵੱਖ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਅਤੇ ਜ਼ਰੂਰੀ ਨਿਰਦੇਸ਼ ਦਿੱਤੇ। ਮਿਸ਼ਨ ਡਾਇਰੈਕਟਰ ਵਲੋਂ ਇਸ ਮੌਕੇ ਵੈਕਸੀਨ ਸਟੋਰੇਜ ਰੂਮ, ਸੈਸ਼ਨ ਸਾਇਟ ਅਤੇ ਜ਼ਿਲ੍ਹਾ ਕੋਵਿਨ ਵੈਕਸੀਨ ਕੰਟਰੋਲ ਰੂਮ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਤਕਰੀਬਨ 11 ਸੈਸ਼ਨ ਸਾਇਟਾਂ ਜਿੰਨਾਂ ਵਿਚ 9 ਸਰਕਾਰੀ ਸਿਹਤ ਸੰਸਥਾਵਾਂ ਅਤੇ 2 ਪ੍ਰਰਾਈਵੇਟ ਸਿਹਤ ਸੰਸਥਾਵਾਂ ਦੀ ਚੋਣ ਕੀਤੀ ਗਈ ਹੈ। 16 ਜਨਵਰੀ ਨੂੰ ਪਹਿਲੇ ਗੇੜ ਵਿਚ ਤਕਰੀਬਨ 5270 ਫਰੰਟ ਲਾਇਨ ਵਰਕਰਾਂ ਜਿੰਨਾਂ ਵਿਚ ਸਰਕਾਰੀ ਅਤੇ ਪ੍ਰਰਾਇਵੇਟ ਸਿਹਤ ਸੰਸਥਾਵਾਂ ਦਾ ਸਟਾਫ ਸ਼ਾਮਿਲ ਹੈ, ਨੂੰ ਟੀਕਾਕਰਨ ਦੀ ਖੁਰਾਕ ਦਿੱਤੀ ਜਾਵੇਗੀ। ਟੀਕਾਕਰਨ ਦੀ ਦੂਜੀ ਖੁਰਾਕ ਪਹਿਲੀ ਖੁਰਾਕ ਤੋਂ 28 ਦਿਨ ਬਾਅਦ ਦਿੱਤੀ ਜਾਵੇਗੀ। ਇਸ ਸੰਬੰਧ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਿਰਫ ਰਜਿਸਟਰਡ ਲਾਭਪਾਤਰੀ ਜਿੰਨਾਂ ਦਾ ਨਾਮ ਪਹਿਲਾਂ ਰਜਿਸਟਰਡ ਕੀਤਾ ਜਾ ਚੁੱਕਾ ਹੈ, ਨੂੰ ਹੀ ਟੀਕਾਕਰਨ ਦੀ ਖੁਰਾਕ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜਸਕਿਰਨਦੀਪ ਕੌਰ ਰੰਧਾਵਾ, ਐਸਐਮਓ ਸਿਵਲ ਹਸਪਤਾਲ ਰੂਪਨਗਰ ਡਾ. ਤਰਸੇਮ ਸਿੰਘ, ਐਸਐਮਓ ਡਾ. ਪਵਨ ਕੁਮਾਰ, ਜ਼ਿਲ੍ਹਾ ਐਪੀਡੀਮਾਲਜਿਸਟ ਡਾ. ਭੀਮ ਸੈਨ ਅਤੇ ਡਾ. ਸੁਮਿਤ ਸ਼ਰਮਾ, ਡੀਪੀਐਮ ਡੋਲੀ ਸਿੰਗਲਾ ਅਤੇ ਸੁਖਜੀਤ ਕੰਬੋਜ ਬੀਸੀਸੀ ਕੋਆਰਡੀਨੇਟਰ ਮੌਜੂਦ ਸਨ।