ਪਵਨ ਕੁਮਾਰ, ਰੋਪੜ

ਮੋਹਾਲੀ ਵਿਜੀਲੈਂਸ ਬਿਊਰੋ ਦੀ ਟੀਮ ਨੇ ਸੋਮਵਾਰ ਦੇਰ ਰਾਤ ਇੰਡਸਟ੍ਰੀਅਲ ਏਰੀਆ ਫੇਜ਼-7 ਤੋਂ ਤਿੰਨ ਰਿਸ਼ਵਤ ਲੈਣ ਵਾਲਿਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਮਾਈਨਿੰਗ ਅਧਿਕਾਰੀ ਵੀ ਸ਼ਾਮਲ ਹੈ। ਆਨੰਦਪੁਰ ਸਾਹਿਬ ਦੇ ਇੱਕ ਕ੍ਰਸ਼ਰ ਮਾਲਕ ਤੋਂ 25 ਹਜ਼ਾਰ ਦੀ ਰਿਸ਼ਵਤ ਲਈ ਜਾ ਰਹੀ ਸੀ। ਮੁਲਜ਼ਮਾਂ ਵਿਰੁੱਧ ਵਿਜੀਲੈਂਸ ਥਾਣਾ ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਮੋਹਾਲੀ ਦੇ ਡੀ.ਐੱਸ.ਪੀ ਅਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਾਈਨਿੰਗ ਅਫਸਰ ਸਿਮਰਪ੍ਰੀਤ ਕੌਰ ਢਿੱਲੋਂ, ਮਾਈਨਿੰਗ ਗਾਰਡ ਪਾਲਾ ਸਿੰਘ ਅਤੇ ਕਲਰਕ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ। ਸਿਮਰਪ੍ਰੀਤ ਕੌਰ ਢਿੱਲੋਂ ਕੋਲ ਰੋਪੜ ਦੇ ਮਾਈਨਿੰਗ ਅਧਿਕਾਰੀ ਦਾ ਵਾਧੂ ਚਾਰਜ ਸੀ ਪਰ ਉਸ ਨੇ ਨਾਜਾਇਜ਼ ਢੰਗ ਨਾਲ ਕ੍ਰਸ਼ਰ ਚਲਾਉਣ ਦੀ ਆਗਿਆ ਦਿੱਤੀ। ਇਸ ਲਈ ਉਹ ਕਰੱਸ਼ਰ ਮਾਲਕਾਂ ਤੋਂ ‘ਮਹੀਨਾ’ ਲੈਂਦੀ ਸੀ। ਮਾਈਨਿੰਗ ਗਾਰਡਾਂ ਤੇ ਕਲਰਕਾਂ ਨੇ ਇਸ ਕੰਮ ਵਿਚ ਉਸ ਦੀ ਮਦਦ ਕੀਤੀ। ਸੌਦਾ 15 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਡੀਲ ਹੁੰਦੀ ਸੀ।

ਵਿਜੀਲੈਂਸ ਨੂੰ ਕਈ ਸ਼ਕਿਾਇਤਾਂ ਮਿਲੀਆਂ ਸਨ ਕਿ ਸਿਮਰਪ੍ਰੀਤ ਆਨੰਦਪੁਰ ਸਾਹਿਬ ਦੇ ਕ੍ਰਸ਼ਰ ਮਾਲਕਾਂ ਤੋਂ ‘ਮਹੀਨਾ’ ਲੈਂਦੀ ਹੈ। ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਬਲਜਿੰਦਰ ਸਿੰਘ ਵਾਸੀ ਆਨੰਦਪੁਰ ਸਾਹਿਬ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਗਈ। ਬਲਜਿੰਦਰ ਸਿੰਘ ਤੋਂ ਅਗਮਪੁਰ ਪਿੰਡ ਵਿੱਚ ਇੱਕ ਕ੍ਰਸ਼ਰ ਚਲਾਉਣ ਲਈ 25 ਹਜ਼ਾਰ ਦੀ ਰਿਸ਼ਵਤ ਮੰਗੀ। ਵਿਜੀਲੈਂਸ ਬਿਊਰੋ ਨੇ ਉਕਤ ਰਿਸ਼ਵਤ ਲੈਂਦੇ ਹੋਏ ਤਿੰਨਾਂ ਨੂੰ ਰੰਗੇ ਹੱਥੀਂ ਫੜਿਆ। ਇਸ ਤੋਂ ਬਾਅਦ ਸਿਮਰਪ੍ਰੀਤ ਦੇ ਘਰ ਅਤੇ ਸੈਕਟਰ-51 ਸਥਿਤ ਦਫਤਰ ਵਿਖੇ ਛਾਪੇਮਾਰੀ ਕੀਤੀ ਗਈ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਮੋਹਾਲੀ ਵਿਜੀਲੈਂਸ ਥਾਣੇ ਵਿਚ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਵਿਜੀਲੈਂਸ ਦੇ ਡੀਐੱਸਪੀ ਅਜੈ ਕੁਮਾਰ ਨੇ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰੋਪੜ-ਮੋਹਾਲੀ ਵਿੱਚ ਕੰਮ ਕਰਨ ਵਾਲੇ ਸਾਰੇ ਗੈਰ-ਕਾਨੂੰਨੀ ਕ੍ਰਸ਼ਰ 25 ਹਜ਼ਾਰ ਰੁਪਏ ਪ੍ਰਤੀ ਕ੍ਰਸ਼ਰ ਨਾਲ ਮਹੀਨਾਵਾਰ ਬੰਨ੍ਹੇ ਹੋਏ ਸਨ।

Posted By: Jagjit Singh