ਸਟਾਫ ਰਿਪੋਰਟਰ, ਰੂਪਨਗਰ : ਰੂਪਨਗਰ ਜ਼ਿਲ੍ਹੇ 'ਚ ਅੱਜ ਕੋਰੋਨਾ ਪਾਜ਼ੇਟਿਵ 22 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਨੰਗਲ ਦੇ ਪਿੰਡ ਭਲਾਣ ਦੀ 52 ਸਾਲਾ ਕੋਰੋਨਾ ਪਾਜ਼ੇਟਿਵ ਔਰਤ ਦੀ ਮੌਤ ਹੋ ਗਈ ਜੋ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ। ਰੂਪਨਗਰ ਜ਼ਿਲ੍ਹੇ ਵਿਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 118 ਹੋ ਗਈ ਹੈ।

ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਹੀ ਇਕ ਕੋਰੋਨਾ ਪਾਜ਼ੇਟਿਵ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਜੱਚਾ ਬੱਚਾ ਦੋਵੇਂ ਤੰਦਰੁਸਤ ਹਨ। ਇਸ ਬਾਰੇ ਸਿਵਲ ਸਰਜਨ ਡਾ.ਐੱਚਐੱਨ ਸ਼ਰਮਾ ਨੇ ਦੱਸਿਆ ਕਿ ਅੱਜ ਕੋਰੋਨਾ ਪਾਜ਼ੇਟਿਵ ਔਰਤ ਦੀ ਡਿਲਵਰੀ ਡਾ.ਨੀਰਜ, ਸਹਾਇਕ ਕ੍ਰਿਸ਼ਨਾ, ਸਰੋਜ ਤੇ ਗੁਰਮੇਲ ਵਲੋਂ ਕੀਤੀ ਗਈ। ਬੱਚੇ ਦਾ ਕੋਰੋਨਾ ਸੈਂਪਲ ਲਿਆ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ 409 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।

ਅੱਜ ਆਏ ਕੋਰੋਨਾ ਐਕਟਿਵ ਮਰੀਜ਼ਾਂ ਵਿਚ ਰੂਪਨਗਰ ਸ਼ਹਿਰ ਦਾ 1 ਮਰੀਜ਼, ਚਮਕੌਰ ਸਾਹਿਬ ਦੇ 6 ਮਰੀਜ਼, ਕੀਰਤਪੁਰ ਸਾਹਿਬ ਦੇ 2 ਮਰੀਜ਼, ਭਰਤਗੜ੍ਹ ਦੇ 4 ਮਰੀਜ਼, ਮੋਰਿੰਡਾ ਦੇ 4 ਮਰੀਜ਼, ਨੰਗਲ ਦੇ 3 ਮਰੀਜ਼, ਸ਼੍ਰੀ ਅਨੰਦਪੁਰ ਸਾਹਿਬ ਦਾ 1 ਮਰੀਜ਼, ਨੂਰਪੁਰ ਬੇਦੀ ਦਾ 1 ਨਵਾਂ ਮਰੀਜ਼ ਆਇਆ ਹੈ। ਕਾਬਿਲੇਗੌਰ ਹੈ ਕਿ ਰੂਪਨਗਰ ਜ਼ਿਲ੍ਹੇ ਵਿਚ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 7 ਮੌਤ ਹੋ ਚੁੱਕੀਆਂ ਹਨ। ਜਿਨ੍ਹਾਂ ਵਿਚ 67 ਸਾਲਾ ਔਰਤ ਪਿੰਡ ਮਨਸੂਹਾ, 42 ਸਾਲਾ ਵਿਅਕਤੀ ਪਿੰਡ ਬ੍ਰਹਮਪੁਰ ਅਤੇ 65 ਸਾਲਾ ਵਿਅਕਤੀ ਪਿੰਡ ਬੱਸੀ ਗੁੱਜਰਾਂ, 78 ਸਾਲਾ ਪਿੰਡ ਨੰਗਲੀ ਟੱਪਰੀਆਂ ਸਬ ਡਿਵੀਜਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੇ ਪਿੰਡ ਰਾਮਪੁਰ ਬੇਟ ਦਾ 54 ਸਾਲ ਦਾ ਵਿਅਕਤੀ, ਪਿੰਡ ਰਾਮਪੁਰ ਬੇਟ ਦਾ 54 ਸਾਲਾ ਵਿਅਕਤੀ ਅਤੇ ਹੁਣ ਪਿੰਡ ਭਲਾਣ ਦੀ 52 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹੁਣ ਤੱਕ ਜ਼ਿਲ੍ਹੇ ਵਿਚ 383 ਕੋਰੋਨਾ ਪਾਜ਼ੇਟਵਿ ਮਾਮਲੇ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 258 ਤੰਦਰੁਸਤ ਹੋ ਕੇ ਘਰ ਪਰਤ ਚੁੱਕੇ ਹਨ।

793 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ

ਸਿਵਲ ਸਰਜਨ ਡਾ.ਐਚਐਨ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਕੁੱਲ 24447 ਸੈਂਪਲ ਲਏ ਗਏ, ਜਿਸ ਚੋਂ 23322 ਦੇ ਸੈਂਪਲ ਨੈਗਟਿਵ ਆਏ ਹਨ। ਜਦੋਂ ਕਿ 793 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿਚ ਕੁੱਲ 118 ਮਰੀਜ਼ ਕੋਰੋਨਾ ਪਾਜ਼ੇਟਿਵ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ 19 ਦੀ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਅਤੇ ਜ਼ਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਜਾਣ ਅਤੇ ਬਿਨਾਂ ਕੰਮ ਤੋਂ ਬਾਹਰ ਨਾ ਜਾਣ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ 'ਤੇ ਕਾਬੂ ਪਾਉਣ ਲਈ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੈ।

Posted By: Jagjit Singh