ਸਰਬਜੀਤ ਸਿੰਘ, ਰੂਪਨਗਰ : ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਵੀਰਵਾਰ ਸ਼ਾਮ 6.22 ਵਜੇ ਸ਼ੁਰੂ ਹੋਈ ਅਤੇ ਕਰੀਬ ਅੱਧੇ ਘੰਟੇ ਬਾਅਦ ਵਾਰਡ ਨੰਬਰ 8 ਤੋਂ ਕਾਂਗਰਸ ਦੇ ਕੌਂਸਲਰ ਸੰਜੇ ਵਰਮਾ ਬੇਲੇ ਵਾਲੇ ਪੁੱਤਰ ਸਵ. ਕ੍ਰਿਸ਼ਨ ਲਾਲ ਵਰਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।

ਇਸ ਤੋਂ ਇਲਾਵਾ ਕਾਂਗਰਸ ਦੇ ਵਾਰਡ 18 ਤੋਂ ਕੌਂਸਲਰ ਰਾਜੇਸ਼ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ 15 ਤੋਂ ਕਾਂਗਰਸ ਦੀ ਮਹਿਲਾ ਕੌਂਸਲਰ ਪੂਨਮ ਕੱਕੜ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਹ ਚੋਣ ਪ੍ਰਕਿਰਿਆ ਏਡੀਸੀ ਤੇ ਚੋਣ ਅਧਿਕਾਰੀ ਦੀਪ ਸ਼ਿਖਾ ਦੀ ਹਾਜ਼ਰੀ ਵਿਚ ਹੋਈ ਅਤੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਭਜਨ ਚੰਦ ਵੀ ਮੌਜੂਦ ਸਨ।

ਨਗਰ ਕੌਂਸਲ ਦੀ ਚੋਣ ਤੋਂ ਪਹਿਲਾਂ 14 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ, ਜਦੋਂ ਕਿ ਬਾਕੀ 7 ਕੌਂਸਲਰ ਚੋਣ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੋਏ। ਵਾਰਡ 21 ਤੋਂ ਆਜ਼ਾਦ ਚੋਣ ਜਿੱਤੇ ਇੰਦਰਪਾਲ ਸਿੰਘ ਰਾਜੂ ਸਤਿਆਲ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਚੋਣ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਅਤੇ ਆਨਲਾਈਨ ਪ੍ਰਕਿਰਿਆ ਰਾਹੀਂ ਹੀ ਉਨ੍ਹਾਂ ਦੀ ਹਾਜ਼ਰੀ ਲਗਵਾਈ ਗਈ। ਜਦੋਂਕਿ ਚੋਣ ਪ੍ਰਕਿਰਿਆ ਦੌਰਾਨ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕਾਂਗਰਸ ਦੇ ਸੀਨੀਅਰ ਕੌਂਸਲਰ ਅਸ਼ੋਕ ਵਾਹੀ, ਕਾਂਗਰਸ ਦੇ ਕੌਂਸਲਰ ਪੋਮੀ ਸੋਨੀ, ਕਾਂਗਰਸ ਦੇ ਕੌਂਸਲਰ ਕਿਰਨ ਸੋਨੀ, ਆਜ਼ਾਦ ਕੌਂਸਲਰ ਅਮਰਿੰਦਰ ਸਿੰਘ ਰੀਹਲ, ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਇਕਬਾਲ ਕੌਰ ਮੱਕੜ, ਅਕਾਲੀ ਦਲ ਦੀ ਕੌਂਸਲਰ ਮਨਜੀਤ ਕੌਰ ਚੋਣ ਦੌਰਾਨ ਹਾਜ਼ਰ ਨਹੀਂ ਹੋਏ। ਚੋਣ ਦੌਰਾਨ ਡੀਐੱਸਪੀ ਤਲਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਇੰਚਾਰਜ ਰਾਜੀਵ ਚੌਧਰੀ ਵਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਹਨ।

ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਨਵਨਿਯੁਕਤ ਪ੍ਰਧਾਨ ਸੰਜੇ ਵਰਮਾ ਬੇਲੇ ਵਾਲਿਆਂ ਦਾ ਸਮਰਥਕਾਂ ਅਤੇ ਪਰਿਵਾਰ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਉਪਰੰਤ ਢੋਲ ਬਜਾਕੇ ਖੁਸ਼ੀ ਮਨਾਈ ਗਈ ਅਤੇ ਸਮਰਥਕਾਂ ਨੇ ਢੋਲ ਦੀ ਥਾਪ ’ਤੇ ਭੰਗੜਾ ਵੀ ਪਾਇਆ।

ਇਸ ਮੌਕੇ ਵਧਾਈ ਦੇਣ ਪਹੁੰਚੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਰੂਪਨਗਰ ਦੇ ਸੇਵਾਦਾਰ ਬਰਿੰਦਰ ਸਿੰਘ ਢਿੱਲੋਂ ਨੇ ਪ੍ਰਧਾਨ ਸੰਜੇ ਵਰਮਾ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਜੂਨੀਅਰ ਮੀਤ ਪ੍ਰਧਾਨ ਪੂਨਮ ਕੱਕੜ ਅਤੇ ਕਾਂਗਰਸ ਦੇ ਸਮੂਹ ਕੌਂਸਲਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਟਕਸਾਲੀ ਕਾਂਗਰਸੀ ਹੈ ਅਤੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ।

ਉਨ੍ਹਾਂ ਦੇ ਪਿਤਾ ਕ੍ਰਿਸ਼ਨ ਲਾਲ ਵਰਮਾ, ਪਰਿਵਾਰ ਦੇ ਸੀਨੀਅਰ ਮੈਬਰ ਸਵ. ਸੁਦਰਸ਼ਨ ਲਾਲ ਵਰਮਾ ਵੀ ਬਤੌਰ ਕੌਂਸਲਰ ਸ਼ਹਿਰ ਵਾਸੀਆਂ ਦੀ ਸੇਵਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਦੀ ਸ਼ਹਿਰ ਵਾਸੀਆਂ ਦੀ ਸੇਵਾ ਕਰਾਂਗੇ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਾਂਗਾ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਕਾਂਗਰਸ ਦੇ 14 ਕੌਂਸਲਰਾਂ ਨੇ ਮੀਟਿੰਗ ਵਿਚ ਪਹੁੰਚ ਕੇ ਸਰਬਸੰਮਤੀ ਨਾਲ ਸੰਜੇ ਵਰਮਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਹੈ ਅਤੇ ਬਾਕੀ ਜੋ ਕੌਂਸਲਰ ਮੀਟਿੰਗ ਵਿਚ ਨਹੀਂ ਪਹੁੰਚੇ ਹਨ, ਉਨ੍ਹਾਂ ਨੂੰ ਵੀ ਨਾਲ ਲੈ ਕੇ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਰੂਪਨਗਰ ਵਲੋਂ ਸ਼ਹਿਰ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਵੀ ਕਰਵਾਏ ਜਾਣਗੇ ਅਤੇ ਵਿਕਾਸ ਕਾਰਜ ਕਰਵਾਏ ਵੀ ਜਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਕਾਂਗਰਸ ਦੇ ਦੂਜੀ ਵਾਰ ਕੌਂਸਲਰ ਬਣੇ ਅਮਰਜੀਤ ਸਿੰਘ ਜੌਲੀ ਤੇ ਗੁਰਮੀਤ ਸਿੰਘ ਰਿੰਕੂ, ਚਰਨਜੀਤ ਸਿੰਘ ਚੰਨੀ, ਨੀਰੂ ਗੁਪਤਾ ਤੇ ਹੋਰ ਸੀਨੀਅਰ ਮੈਂਬਰਾਂ ਨੇ ਪਹਿਲੀ ਵਾਰ ਚੁਣੇ ਕੌਂਸਲਰਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਹ ਸਾਰਿਆਂ ਦੇ ਧੰਨਵਾਦੀ ਹਨ।

ਜਿਕਰਯੋਗ ਹੈ ਕਿ ਇਹ ਚੋਣ ਪ੍ਰਕਿਰਿਆ ਵੀਰਵਾਰ ਸਵੇਰੇ 11 ਵਜੇ ਰੱਖੀ ਗਈ ਸੀ ਪਰ ਸਵੇਰੇ 6 ਕੌਂਸਲਰਾਂ ਦੇ ਸਮੇਂ ਸਿਰ ਪੁੱਜਣ ਅਤੇ ਬਾਕੀ ਦੇ ਦੇਰੀ ਹੋਣ ਕਾਰਨ ਚੋਣ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਅਤੇ ਮੁਲਵਤੀ ਕਰ ਦਿੱਤੀ ਸੀ। ਇਸ ਤੋਂ ਇਲਾਵਾ ਕੋਰੋਨਾ ਪਾਜ਼ੇਟਿਵ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਵਲੋਂ ਮੀਟਿੰਗ ਵਿਚ ਸ਼ਾਮਲ ਨਾ ਹੋਣ ਦੀ ਦਿੱਤੀ ਅਰਜੀ ਦੇ ਬਾਰੇ ਡਾਇਰਕੈਟਰ ਸਥਾਨਕ ਸਰਕਾਰ ਵਲੋਂ ਜਵਾਬ ਆਉਣ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਸੀ, ਕਿ ਉਸ ਦੀ ਹਾਜ਼ਰੀ ਕਿਸ ਤਰ੍ਹਾਂ ਲਗਵਾਉਣੀ ਹੈ।


ਵਿਧਾਇਕ ਸੰਦੋਆ, ਕੌਂਸਲਰ ਅਸ਼ੋਕ ਵਾਹੀ, ਪੋਮੀ ਸੋਨੀ ਸਮੇਤ 6 ਕੌਂਸਲਰ ਨਹੀਂ ਪਹੁੰਚੇ

ਸ਼ਾਮ ਸਵਾ ਤਿੰਨ ਵਜੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਪੱਤਰ ਆਇਆ ਕਿ ਕੋਰੋਨਾ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਕੌਂਸਲਰ ਕੋਰੋਨਾ ਪ੍ਰਭਾਵਤ ਹਨ, ਉਨਾਂ ਨੂੰ ਆਨਲਾਈਨ ਵੀਡਿਉ ਕਾਨਫਰੰਸਿੰਗ ਵਿਧੀ ਰਾਹੀਂ ਸਹੁੰ ਚੁੱਕਣ ਅਤੇ ਪ੍ਰਧਾਨ ਦੀ ਚੋਣ ਵਿਚ ਵੋਟ ਪਾਉਣ ਦੀ ਇਜਾਜਤ ਦਿੱਤੀ ਜਾਵੇ। ਜਿਸੋਂ ਬਾਅਦ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਏਡੀਸੀ ਰੂਪਨਗਰ ਦੀਪ ਸ਼ਿਖਾ ਕੋਲ ਮਿੰਨੀ ਸਕੱਤਰਰੇਤ ਸਥਿਤ ਦਫਤਰ ਗਏ ਅਤੇ ਪੂਰੀ ਕਾਗਜੀ ਕਾਰਵਾਈ ਕੀਤੀ ਗਈ ਅਤੇ ਸ਼ਾਮ 6 ਵਜੇ ਨਗਰ ਕੌਂਸਲ ਦੀ ਪ੍ਰਧਾਨ ਦੀ ਚੋਣ ਲਈ ਸਮੂਹ ਕੌਂਸਲਰਾਂ ਨੂੰ ਟੈਲੀਫੋਨ ਕਰਕੇ ਬੁਲਾਇਆ ਗਿਆ ।

ਜਿਸ ਵਿਚ ਕਾਂਗਰਸ ਦੇ 14 ਕੌਸਲਰ ਨਗਰ ਕੌਂਸਲ ਦਫਤਰ ਵਿਖੇ ਚੋਣ ਮੀਟਿੰਗ ਵਿਚ ਪਹੁੰਚੇ ਅਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਬਾਕੀ ਕੌਂਸਲਰਾਂ ਵਿਚ ਕਾਂਗਰਸ ਦੇ ਅਸ਼ੋਕ ਵਾਹੀ, ਪੋਮੀ ਸੋਨੀ, ਕਿਰਨ ਸੋਨੀ, ਆਜ਼ਾਦ ਕੌਂਸਲਰ ਅਮਰਿੰਦਰ ਸਿੰਘ ਰੀਹਲ, ਅਕਾਲੀ ਦਲ ਦੀ ਕੌਂਸਲਰ ਇਕਬਾਲ ਕੌਰ ਮੱਕੜ, ਅਕਾਲੀ ਦਲ ਦੀ ਕੌਂਸਲਰ ਮਨਜੀਤ ਕੌਰ ਨਹੀਂ ਪਹੁੰਚੇ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਸੰਜੇ ਵਰਮਾ ਨੂੰ ਵਧਾਈ ਦੇਣ ਲਈ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸਤਿੰਦਰ ਨਾਗੀ, ਜ਼ਿਲ੍ਹਾ ਕਾਂਗਰਸ ਦੇ ਸੈਕਟਰੀ ਅਸ਼ੋਕ ਕੁਮਾਰ ਦਾਰਾ,ਰਾਜੇਸ਼ ਸਹਿਗਲ, ਰਾਜੇਸ਼ ਵਰਮਾ ਬੇਲੇ ਵਾਲੇ, ਕੁਲਦੀਪ ਭੱਲਾ, ਯੂਥ ਕਾਂਗਰਸੀ ਪਰਮਿੰਦਰ ਪਿੰਕਾ ਆਦਿ ਮੌਜੂਦ ਸਨ।

ਮੀਡੀਆ ਕਰਮੀਆਂ ਨੂੰ ਚੋਣ ਪ੍ਰਕਿਰਿਆ ਦੀ ਕਵਰੇਜ਼ ਤੋਂ ਰੋਕਿਆ

ਅੱਜ ਸਵੇਰੇ ਜਦੋਂ 11 ਵਜੇ ਨਗਰ ਕੌਂਸਲ ਦਫਤਰ ਵਿਚ ਚੋਣ ਪ੍ਰਕਿਰਿਆ ਸ਼ੁਰੂ ਹੋਈ ਤਾਂ ਮੀਡੀਆ ਕਰਮੀਆਂ ਨੂੰ ਮੀਟਿੰਗ ਹਾਲ ਵਿਚ ਜਾਣ ਤੋਂ ਰੋਕਿਆ ਗਿਆ। ਇਸ ਦੌਰਾਨ ਸੀਨੀਅਰ ਪੱਤਰਕਾਰ ਸਤੀਸ਼ ਜਗੋਤਾ ਨੇ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ ਪੱਤਰਕਾਰਾਂ ਨੂੰ ਚੋਣ ਪ੍ਰਕਿਰਿਆ ਦੀ ਕਵਰੇਜ਼ ਕਰਨ ਤੋਂ ਰੋਕਣਾ ਗਲਤ ਹੈ। ਜਿਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਏਡੀਸੀ ਤੇ ਚੋਣ ਅਧਿਕਾਰੀ ਦੀਪ ਸ਼ਿਖਾ ਨਾਲ ਗੱਲਬਾਤ ਕੀਤੀ ਤਾਂ ਏਡੀਸੀ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਦਿੱਤੀ ਗਾਈਡਲਾਈਨਜ਼ ਦੇ ਅਨੁਸਾਰ ਹੀ ਪੱਤਰਕਾਰਾਂ ਨੂੰ ਚੋਣ ਪ੍ਰਕਿਰਿਆ ਵਿਚ ਕਵਰੇਜ਼ ਕਰਨ ਤੋਂ ਰੋਕਿਆ ਗਿਆ ਹੈ ਅਤੇ ਇਸ ਬਾਰੇ ਉਹ ਸੁਪਰੀਮ ਕੋਰਟ ਦਾ ਪੱਤਰ ਵੀ ਦੇਣਗੇ ਪਰ ਸ਼ਾਮ ਤੱਕ ਵੀ ਪੱਤਰਕਾਰਾਂ ਨੂੰ ਏਡੀਸੀ ਵਲੋਂ ਕੋਈ ਅਜਿਹਾ ਪੱਤਰ ਨਹੀਂ ਦਿੱਤਾ ਗਿਆ, ਜਿਸ ਕਾਰਨ ਸਮੂਹ ਪੱਤਰਕਾਰਾਂ ਨੇ ਕਵਰੇਜ਼ ਕਰਨ ਤੋਂ ਰੋਕਣ ਲਈ ਰੋਸ ਪ੍ਰਗਟ ਕੀਤਾ ਹੈ। ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਪ੍ਰਸ਼ਾਸਨ ਵਲੋਂ ਪੱਤਰਕਾਰਾਂ ਨੂੰ ਚੋਣ ਪ੍ਰਕਿਰਿਆ ਦੀ ਕਵਰੇਜ਼ ਕਰਨ ਤੋਂ ਰੋਕਣ ਦੀ ਨਿੰਦਾ ਕੀਤੀ ਹੈ।

Posted By: Jagjit Singh