ਪਰਮਜੀਤ ਕੌਰ, ਚਮਕੌਰ ਸਾਹਿਬ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੇ ਭਤੀਜੇ ਭੁਪਿੰਦਰ ਸਿੰਘ ਹਨੀ ਦੇ ਲੁਧਿਆਣਾ ਸਥਿਤ ਰਿਹਾਇਸ਼ ’ਤੇ ਈਡੀ ਵੱਲੋਂ ਮਾਰੀ ਛਾਪੇਮਾਰੀ ਵਿਰੋਧੀ ਪਾਰਟੀਆਂ ਦੀ ਗਿਣੀ ਮਿੱਥੀ ਸਾਜ਼ਿਸ਼ ਹੈ। ਭਾਜਪਾ ਵਾਲੇ ਮੇਰੀ ਚੜ੍ਹਤ ਨੂੰ ਬਰਦਾਸ਼ਤ ਨਹੀਂ ਕਰ ਪਾਏ, ਇਸ ਲਈ ਚੋਣਾਂ ਤੋਂ ਐਨ ਪਹਿਲਾਂ ਮੇਰੇ ਪਰਿਵਾਰ ’ਤੇ ਛਾਪੇਮਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੈਨੂੰ ਡਰਾ ਧਮਕਾ ਰਹੀ ਹੈ ਅਤੇ ਇਸ ਛਾਪੇਮਾਰੀ ਦਾ ਸਾਡੇ ਪਰਿਵਾਰ ’ਤੇ ਕੋਈ ਅਸਰ ਨਹੀਂ ਪਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ’ਚ ਆਪਣੀ ਹਾਰ ਦਾ ਮੂੰਹ ਵੇਖ ਕੇ ਘਬਰਾ ਗਈ ਹੈ, ਇਸ ਲਈ ਹੁਣ ਮੇਰੇ ’ਤੇ ਨਿੱਜੀ ਤੌਰ ’ਤੇ ਛਾਪੇਮਾਰੀ ਕਰ ਕੇ ਅਤੇ ਮੇਰੇ ਪਰਿਵਾਰ ’ਤੇ ਐੱਫਆਈਆਰ ਦਰਜ ਕਰ ਕੇ ਇਹ ਭਾਜਪਾ ਦੀ ਗਿਣੀ ਮਿਥੀ ਸਾਜ਼ਿਸ਼ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਵਿਰੋਧੀਆਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਇਨ੍ਹਾਂ ਛਾਪੇਮਾਰੀਆਂ ਕਾਰਨ ਉਨ੍ਹਾਂ ਦੀ ਚੋਣ ਕੈਂਪੇਨ ’ਤੇ ਕੋਈ ਅਸਰ ਨਹੀਂ ਹੋਵੇਗਾ, ਸਗੋਂ ਹਲਕੇ ਦੇ ਲੋਕਾਂ ਦਾ ਉਨ੍ਹਾਂ ਨਾਲ ਕਿੰਨਾ ਪਿਆਰ ਹੈ, ਇਹ ਹੁਣ ਚੋਣਾਂ ਤੋਂ ਬਾਅਦ ਵਿਰੋਧੀਆਂ ਨੂੰ ਇਸ ਗੱਲ ਦਾ ਜਵਾਬ ਮਿਲ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਨਵਦੀਪ ਸਿੰਘ ਨਵੀ, ਤਾਰਾ ਸਿੰਘ, ਸ਼ਮਸ਼ੇਰ ਸਿੰਘ ਮੰਗੀ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Posted By: Sunil Thapa