ਪਰਮਜੀਤ ਕੌਰ, ਚਮਕੌਰ ਸਾਹਿਬ : ਚਮਕੌਰ ਸਾਹਿਬ ਹਲਕੇ ਦੇ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਿੰਨ ਰੋਜ਼ ਤੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਆਪਣੇ ਪੁੱਤਰ ਨਵਦੀਪ ਸਿੰਘ ਨਵੀ ਅਤੇ ਨੂੰਹ ਸਿਮਰਨ ਕੌਰ ਦੇ ਵਿਆਹ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਸਨ, ਜਿਨਾਂ੍ਹ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਸ੍ਰੀ ਚੰਨੀ ਆਪਣੇ ਪੂਰੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਕਥਾ ਕੀਰਤਨ ਵੀ ਸੁਣਿਆ। ਉਪਰੰਤ ਗੁਰਦੁਆਰਾ ਸਾਹਿਬ ਦੇ ਗੰ੍ਥੀ ਭਾਈ ਮੇਜਰ ਸਿੰਘ ਵੱਲੋਂ ਪੂਰੇ ਪਰਿਵਾਰ ਨੂੰ ਸਿਰਪਾਓ ਭੇਂਟ ਕੀਤੇ ਗਏ। ਇਸ ਮੌਕੇ ਡਾ. ਕਮਲਜੀਤ ਕੌਰ, ਨਗਰ ਪੰਚਾਇਤ ਚਮਕੌਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਹਰਵਿੰਦਰ ਸਿੰਘ ਕੰਧੋਲਾ, ਸ਼ਮਸ਼ੇਰ ਸਿੰਘ ਮੰਗੀ, ਮੁਨਿੱਤ ਕੁਮਾਰ, ਦਰਸ਼ਨ ਵਰਮਾ, ਮੀਤ ਪ੍ਰਧਾਨ ਨਗਰ ਪੰਚਾਇਤ ਪਰਮਜੀਤ ਕੌਰ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।