ਲਖਵੀਰ ਖਾਬੜਾ, ਰੂਪਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਰੂਪਨਗਰ ਦੀ ਅਚਾਨਕ ਚੈਕਿੰਗ ਕੀਤੀ ਤੇ ਦਫ਼ਤਰ ਵਿਚ ਆਈਆਂ ਕਿਤਾਬਾਂ ਦੇ ਮਿਆਰ ਤੇ ਸਾਂਭ- ਸੰਭਾਲ ਬਾਰੇ ਜਾਂਚ ਕੀਤੀ ਤੇ ਰਿਕਾਰਡ ਚੈੱਕ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਪੁਸਤਕ ਡਿੱਪੂਆਂ ਦੀ ਅਚਨਚੇਤ ਚੈਕਿੰਗ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕੋਲ ਸ਼ਿਕਾਇਤਾਂ ਆਈਆਂ ਸਨ, ਕਿ ਕਈ ਥਾਵਾਂ 'ਤੇ ਪ੍ਕਾਸ਼ਕਾਂ ਵਲੋਂ ਕਿਤਾਬਾਂ ਦੇ ਮਿਆਰ ਵਿਚ ਗਿਰਾਵਟ ਪਾਈ ਜਾ ਰਹੀ ਸੀ, ਜਿਸ ਨੂੰ ਦੇਖਣ ਲਈ ਇਕ ਟੀਮ ਦਾ ਵੀ ਗਠਨ ਕੀਤਾ ਗਿਆ ਹੈ, ਜੋ ਸਾਰੇ ਪੰਜਾਬ ਦੇ ਖੇਤਰੀ ਦਫ਼ਤਰਾਂ ਵਿਚ ਬਣੇ ਪੁਸਤਕ ਡਿੱਪੂਆਂ ਦੀ ਚੈਕਿੰਗ ਕਰੇਗੀ ਅਤੇ ਰਿਪੋਰਟ ਆਉਣ 'ਤੇ ਪਾਈਆਂ ਗਈਆਂ ਉਣਤਾਈਆਂ ਨੂੰ ਲੈ ਕੇ ਪ੍ਕਾਸ਼ਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਰਡ ਵਲੋਂ ਪ੍ਕਾਸ਼ਕਾਂ ਨੂੰ ਹਦਾਇਤ ਕੀਤੀ ਗਈ ਕਿ ਕਿਤਾਬਾਂ ਦਾ ਬੰਡਲ 10 ਕਿਲੋ ਤੋਂ ਵੱਧ ਨਾ ਹੋਵੇ ਅਤੇ ਉਸ ਦੀ ਬੰਨ੍ਹਾਈ ਮਜ਼ਬੂਤ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਪੁਸਤਕ ਦੇ ਪੇਪਰ ਦੀ ਕਵਾਲਟੀ ਚੈੱਕ ਕਰਨ ਲਈ ਵਿਸ਼ੇਸ਼ ਪ੍ਕਾਰ ਦੇ ਨਿਸ਼ਾਨ ਵੀ ਰੱਖੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵੇਂ ਸੈਸ਼ਨ ਵਿਚ ਸਕੂਲ ਖੁੱਲ੍ਹਣ ਤੋਂ ਪਹਿਲਾਂ ਪੁਸਤਕਾਂ ਪਹੁੰਚਾਈਆਂ ਜਾਣ। ਕਲੋਹੀਆ ਨੇ ਕਿਹਾ ਕਿ ਵਿਭਾਗ ਵਲੋਂ ਸਾਰੇ ਜ਼ਿਲ੍ਹਾ ਸਿੱਖਆ ਅਫਸਰਾਂ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਜਿਹੜੇ ਬੱਚਿਆਂ ਨੂੰ ਪੁਸਤਕਾਂ ਦਿੱਤੀਆਂ ਜਾਂਦੀਆਂ ਹਨ, ਜਦੋਂ ਉਹ ਕਲਾਸ ਪਾਸ ਕਰ ਲੈਣ ਤਾਂ ਉਨ੍ਹਾਂ ਤੋਂ ਵਾਪਸ ਲੈ ਕੇ ਅਗਲੇ ਬੱਚਿਆਂ ਨੂੰ ਦੇਣ ਤਾਂ ਜੋ ਪੁਸਤਕਾਂ ਦੀ ਖਰੀਦ ਰਕਮ ਨੂੰ ਘਟਾਇਆ ਜਾ ਸਕੇ। ਉਨ੍ਹਾਂ ਡਿੱਪੂ ਦੇ ਮੁਲਾਜ਼ਮਾਂ ਨੂੰ ਪੂਰੀ ਮਿਹਨਤ ਨਾਲ ਕੰਮ ਕਰਨ ਦੀ ਸਿੱਖਿਆ ਵੀ ਦਿੱਤੀ। ਇਸ ਮੌਕੇ ਡਿਪਟੀ ਸੈਕਟਰੀ ਪੁਸਤਕ ਵਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਮਨਮੀਤ ਸਿੰਘ ਭੱਠਲ, ਖੇਤਰੀ ਪੁਸਤਕ ਡਿੱਪੂ ਦੇ ਮੈਨੇਜਰ ਮਹਿੰਦਰ ਕੌਰ, ਡਿਪਟੀ ਮੈਨੇਜਰ ਗੁਰਸ਼ਰਨ ਸਿੰਘ, ਸੁਪਰਡੈਂਟ ਦਿਲਬਾਗ ਸਿੰਘ, ਮੈਡਮ ਰਜਨੀ, ਸੀਮਾ, ਜਸਵਿੰਦਰ ਕੌਰ, ਯਸਪਾਲ ਸਿੰਘ ਆਦਿ ਹਾਜ਼ਰ ਸਨ।