ਸਰਬਜੀਤ ਸਿੰਘ, ਰੂਪਨਗਰ : ਰੋਪੜ ਜ਼ਿਲ੍ਹੇ 'ਚ 18 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਤੋਂ 25 ਦਿਨ ਬਾਅਦ ਆਖ਼ਰਕਾਰ ਕੇਂਦਰ ਸਰਕਾਰ ਦੀ ਇੰਟਰ ਮਨਿਸਟਰੀਅਲ ਟੀਮ ਵਲੋਂ ਸਿਰਫ਼ ਟੁੱਟੇ ਬੰਨ੍ਹਾਂ ਦਾ ਦੌਰਾ ਕੀਤਾ ਗਿਆ। ਦੱਸਣਯੋਗ ਹੈ ਕਿ ਜ਼ਿਲ੍ਹੇ ਵਿਚ ਹੜ੍ਹਾਂ ਦੀ ਮਾਰ ਕਾਰਨ 100 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਜ਼ਿਲ੍ਹੇ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਖੈਰਾਬਾਦ, ਵੱਡਾ ਤੇ ਛੋਟਾ ਫੂਲ, ਗੁਰਦਾਸਪੁਰ, ਰੇਡੂਆਣਾ ਵਿਖੇ ਜਾ ਕੇ ਲੋਕਾਂ ਦੇ ਦੁਖੜੇ ਨਹੀਂ ਸੁਣੇ। ਵੀਰਵਾਰ ਨੂੰ ਹੜ੍ਹ ਪ੍ਰਭਾਵਿਤ ਪਿੰਡ ਖੈਰਾਬਾਦ ਦੇ ਕੋਲ ਬੁੱਧਕੀ ਨਦੀ ਦੇ ਟੁੱਟੇ ਬੰਨ੍ਹ ਦਾ ਦੌਰਾ ਕਰਨ ਪਹੁੰਚੇ ਕੇਂਦਰ ਸਰਕਾਰ ਦੇ ਮਾਮਲਿਆਂ ਦੇ ਜੁਆਇੰਟ ਸੈਕਟਰੀ ਅਤੇ ਇੰਟਰ ਮਨਿਸਟੀਰੀਅਲ ਟੀਮ ਦੇ ਮੁਖੀ ਅਨੁਜ ਸ਼ਰਮਾ ਵਲੋਂ ਪਿੰਡ ਦੀ ਸਰਪੰਚ ਪਰਮਜੀਤ ਕੌਰ ਤੇ ਹੋਰ ਪਤਵੰਤੇ ਸੱਜਣਾਂ ਤੋਂ ਬੁੱਧਕੀ ਨਦੀ ਦਾ ਬੰਨ੍ਹ ਟੁੱਟਣ ਦੇ ਬਾਰੇ ਜਾਣਕਾਰੀ ਲਈ ਗਈ ਪਰ ਪਿੰਡ ਜਾ ਕੇ ਲੋਕਾਂ ਦੇ ਘਰਾਂ ਵਿਚ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਨਹੀਂ ਲਿਆ। 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਪਿੰਡ ਵੱਡਾ ਫੂਲ ਦੇ ਹੜ੍ਹ ਪ੍ਰਭਾਵਿਤ ਮੋਹਣ ਸਿੰਘ, ਹਰਨੇਕ ਸਿੰਘ, ਸੁਰਿੰਦਰ ਸਿੰਘ, ਪੰਚ ਬਲਵਿੰਦਰ ਕੌਰ, ਰਣਜੋਧ ਸਿੰਘ ਨੂੰ ਜਦੋਂ 'ਪੰਜਾਬੀ ਜਾਗਰਣ' ਵਲੋਂ ਦੱਸਿਆ ਗਿਆ ਕਿ ਵੀਰਵਾਰ ਨੂੰ ਖੈਰਬਾਦ ਕੋਲ ਬੁੱਧਕੀ ਨਦੀ ਦਾ ਟੁੱਟਿਆ ਬੰਨ੍ਹ ਦੇਖਣ ਲਈ ਕੇਂਦਰ ਸਰਕਾਰ ਦੇ ਅਫ਼ਸਰ ਆਏ ਹਨ, ਤਾਂ ਪੀੜਤ ਲੋਕਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਜਿਨ੍ਹਾਂ ਲੋਕਾਂ ਦਾ ਹੜ੍ਹ ਨਾਲ ਨੁਕਸਾਨ ਹੋਇਆ ਹੈ, ਸਰਕਾਰ ਵਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਹਰ ਪਰਿਵਾਰ ਪ੍ਰਤੀ 3800 ਰੁਪਏ ਭੇਜੇ ਗਏ ਹਨ ਪਰ ਸਾਡੇ 18 ਪਰਿਵਾਰਾਂ ਦੇ ਖਾਤਿਆਂ ਵਿਚ ਤਾਂ ਇਕ ਵੀ ਰੁਪਇਆ ਨਹੀਂ ਆਇਆ ਜਦਕਿ ਹੜ੍ਹ ਆਏ ਨੂੰ ਵੀ 25 ਦਿਨ ਹੋ ਗਏ ਹਨ। ਉਨ੍ਹਾਂ ਰੋਸ ਪ੍ਰਗਟ ਕੀਤਾ ਕਿ ਉਨ੍ਹਾਂ ਨੂੰ ਵੀ ਸਰਕਾਰ ਬਣਦੀ ਰਾਸ਼ੀ ਦੇਵੇ। ਉਧਰ, ਕੇਂਦਰੀ ਟੀਮ ਵਲੋਂ ਹੜ੍ਹਾਂ ਅਤੇ ਭਾਖੜਾ ਡੈਮ ਤੋਂ ਰਿਲੀਜ਼ ਕੀਤੇ ਪਾਣੀ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਵੀਜ਼ਨਲ ਕਮਿਸ਼ਨਰ ਰਾਹੁਲ ਤਿਵਾੜੀ , ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ, ਡਰੇਨਜ਼ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਪਾਬਲਾ, ਐਸਡੀਐਮ ਰੂਪਨਗਰ ਹਰਜੋਤ ਕੌਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਅੱਜ ਕਪੂਰਥਲਾ ਦਾ ਦੌਰਾ ਕਰੇਗੀ ਕੇਂਦਰੀ ਟੀਮ

ਇੰਟਰ ਮਨਿਸਟੀਰੀਅਲ ਟੀਮ ਦੇ ਮੁਖੀ ਅਨੁਜ ਸ਼ਰਮਾ ਨੇ ਕਿਹਾ ਕਿ ਟੀਮ ਸੂਬੇ ਵਿਚ ਹੜ੍ਹਾਂ ਤੋਂ ਹੋਏ ਨੁਕਸਾਨ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈਣ ਲਈ 2 ਦਿਨਾਂ ਦੇ ਦੌਰੇ 'ਤੇ ਆਏ ਹਨ। ਇਸ ਦੌਰੇ ਉਪਰੰਤ ਉਹ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕਰਨਗੇ।