ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਕਹਿਣਾ ਕਿ ਕੇਂਦਰ ਨੇ ਸੁਰੱਖਿਆ ਬਲ ਭੇਜ ਕੇ ਪੰਜਾਬ ਦੀ ਮਦਦ ਕੀਤੀ ਹੈ, ਸਰਾਸਰ ਗਲਤ ਹੈ ਕਿਉਂਕਿ ਸੀਆਰਪੀ ਲਿਆਉਣ ਦੀ ਮੰਗ ਮੁੱਖ ਮੰਤਰੀ ਦੀ ਹੋ ਸਕਦੀ ਹੈ ਪੰਜਾਬ ਦੀ ਨਹੀਂ। ਇਹ ਗੱਲ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਕਹੀ। ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬੀ ਇਹ ਨਹੀ ਚਾਹੁੰਦਾ। ਜੇ ਕੇਂਦਰ ਨੇ ਪੰਜਾਬ ਦੀ ਮਦਦ ਕਰਨੀ ਹੈ ਤਾਂ ਪਾਣੀਆਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇ। ਇਕ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਮੁੱਦੇ ’ਤੇ ਸਮੁੱਚੇ ਪੰਜਾਬ ਤੇ ਸਮੁੱਚੀ ਕੌਮ ਨੂੰ ਬਦਨਾਮ ਕਰਨਾ ਡੂੰਘੀ ਸਾਜਿਸ਼ ਹੈ। ਸਰਬੱਤ ਖਾਲਸਾ ਸੱਦਣ ਬਾਰੇ ਪੁੱਛਣ ’ਤੇ ਕਿਹਾ ਕਿ ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਹੀ ਦਸ ਸਕਦੇ ਹਨ। ਬੇਮੌਸਮੀ ਬਾਰਿਸ਼ ਕਰਕੇ ਹੋਏ ਨੁਕਸਾਨ ਬਾਰੇ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਦੇ ਸਿਰਫ ਦਮਗਜ਼ੇ ਮਾਰੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਸਰਕਲ ਪ੍ਰਧਾਨ ਜਥੇਦਾਰ ਰਾਮ ਸਿੰਘ, ਸੁਰਿੰਦਰ ਸਿੰਘ ਮਟੌਰ, ਯੂਥ ਆਗੂ ਇੰਦਰਜੀਤ ਸਿੰਘ ਬੇਦੀ, ਜਰਨੈਲ ਸਿੰਘ ਗੂੰਬਰ, ਦਵਿੰਦਰ ਸਿੰਘ ਢਿਲੋਂ, ਮਨਜਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਪੰਮਾ, ਹਰਦੇਵ ਸਿੰਘ ਦੇਬੀ, ਕਿਸ਼ੋਰ ਸਿੰਘ ਬੰਗੜ, ਹਰਭਜਨ ਸਿੰਘ ਜੋਗੀ ਆਦਿ ਹਾਜ਼ਰ ਸਨ।

Posted By: Jaswinder Duhra