ਸਟਾਫ ਰਿਪੋਰਟਰ, ਰੂਪਨਗਰ : ਅੰਮਿ੍ਤਸਰ ਵਿਖੇ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਚ ਨੱਚਦੇ ਮੁੰਡੇ-ਕੁੜੀਆਂ ਦੇ ਬੁੱਤਾਂ ਨੂੰ ਤੋੜਨ ਦੇ ਸਬੰਧ 'ਚ ਗੁਰਮਤਿ ਵਿਚਾਰ ਮੰਚ ਪੰਜਾਬ ਵੱਲੋਂ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਸਿੱਖ ਨੌਜਵਾਨਾਂ ਨੇ ਇਹ ਬੁੱਤ ਤੋੜੇ ਹਨ, ਗੁਰਮਤਿ ਵਿਚਾਰ ਮੰਚ ਉਨ੍ਹਾਂ ਨੂੰ ਸਲਾਮ ਕਰਦਾ ਹੈ। ਮੰਚ ਦੇ ਕਨਵੀਨਰ ਨਿਰਮਲ ਸਿੰਘ ਲੋਧੀ ਮਾਜਰਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਥੇਦਾਰ ਸ੍ਰੀ ਅਕਾਲ ਤਖ਼ਤ ਅਤੇ ਪੰਥਕ ਕਹਾਉਂਦੀ ਅਕਾਲੀ ਦਲ (ਬਾਦਲ) ਪਾਰਟੀ ਨੂੰ ਝੰਜੋੜਦੇ ਹੋਏ ਕਿਹਾ ਕਿ ਇਹ ਕੰਡੇ ਤੁਹਾਡੇ ਹੀ ਬੀਜੇ ਹੋਏ ਹਨ, ਜਿਹੜੇ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਚੁੱਗਣੇ ਪੈ ਰਹੇ ਹਨ। ਮੰਚ ਦੇ ਆਗੂ ਜੋਗਿੰਦਰ ਸਿੰਘ ਭਾਊ ਨੇ ਕਿਹਾ ਕਿ ਸ਼ੇਰਾਂ ਦੀ ਕੌਮ ਦੀ ਅਗਵਾਈ ਮੀਸਣੇ ਬਣ ਕੇ ਨਹੀਂ ਹੋਣੀ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ ਨਾ ਕਿ ਕੋਈ ਮਨੋਰੰਜਕ ਪਾਰਕ। ਉਨ੍ਹਾਂ ਕਿਹਾ ਕਿ ਇਸ ਪੱਵਿਤਰ ਅਸਥਾਨ ਦਾ ਪਹੁੰਚ ਮਾਰਗ ਰੂਹਾਨੀਅਤ ਦੇ ਰੰਗ 'ਚ ਰੰਗਿਆ ਹੋਣਾ ਚਾਹੀਦਾ ਹੈ। ਇੱਥੇ ਗਿੱਧੇ ਭੰਗੜੇ ਦਾ ਦਿ੍ਸ਼ ਪੇਸ਼ ਕਰਦੇ ਬੁੱਤ ਲਾਉਣੇ ਕਿਸੇ ਵੀ ਤਰ੍ਹਾਂ ਢੁਕਵੇਂ ਨਹੀਂ ਹਨ। ਮੰਚ ਦੇ ਸਕੱਤਰ ਬਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਭਾਵੇਂ ਸਾਰੇ ਗੁਰੂ ਘਰਾਂ ਦੀ ਆਪਣੀ ਮਹੱਤਤਾ ਹੈ ਪਰ ਹੋਰ ਸਾਰੇ ਗੁਰਦੁਆਰੇ ਗੁਰੂ ਸਾਹਿਬਾਨਾਂ ਨਾਲ ਵਾਪਰੀ ਕਿਸੇ ਨਾ ਕਿਸੇ ਘਟਨਾ ਦੇ 'ਚ ਗੁਰਸਿੱਖਾਂ ਨੇ ਬਣਾਏ ਹਨ ਪਰ ਦਰਬਾਰ ਸਾਹਿਬ ਤਾਂ ਖੁਦ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਹੱਥਾਂ ਨਾਲ ਸਾਜਿਆ ਹੈ। ਇਥੇ ਗਲਿਆਰੇ ਦੀ ਦਿੱਖ ਕਿਸੇ ਸੱਭਿਆਚਾਰਕ ਮੇਲੇ ਦਾ ਝਲਕਾਰਾ ਦੇਵੇ, ਇਹ ਸਿੱਖੀ ਦੀ ਸੋਝੀ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਵੀ ਗਵਾਰਾ ਨਹੀਂ ਹੈ। ਮੰਚ ਦੇ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਰਾਜ ਕਾਲ ਸਮੇਂ ਆਪਣੀ ਵਾਹ-ਵਾਹ ਕਰਵਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇ ਨਾਂ ਹੇਠ ਜੋ ਕੰਪਲੈਕਸ ਉਸਾਰਿਆ ਗਿਆ ਹੈ, ਉਥੇ ਵੀ ਕਈ ਤਰ੍ਹਾਂ ਦੀਆਂ ਸੋਧਾਂ ਕੀਤੀਆਂ ਜਾਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਗੁਰਮਤਿ ਵਿਚਾਰ ਮੰਚ ਜਿਥੇ ਦਰਬਾਰ ਸਾਹਿਬ ਦੇ ਗਲਿਆਰੇ 'ਚੋਂ ਸਿੱਖ ਸਿਧਾਂਤਾਂ ਨਾਲ ਮੇਲ ਨਾ ਖਾਂਦੇ ਸਾਰੇ ਬੁੱਤ ਆਦਿ ਚੁਕਵਾਉਣ ਦੀ ਮੰਗ ਕਰਦਾ ਹੈ, ਉੱਥੇ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ ਦੇ ਇਸ ਕੰਪਲੈਕਸ 'ਚੋਂ ਖਾਲਸੇ ਦੀ ਵਿਰਾਸਤ ਨਾਲ ਮੇਲ ਨਾ ਖਾਂਦੀਆਂ ਝਾਕੀਆਂ ਨੂੰ ਨਾ ਦਿਖਾਉਣ ਦੀ ਮੰਗ ਕਰਦਾ ਹੈ।