ਜੋਲੀ ਸੂਦ, ਮੋਰਿੰਡਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਮੋਰਿੰਡਾ ਦੀ ਮੀਟਿੰਗ ਬਲਾਕ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਢੋਲਣਮਾਜਰਾ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਵਿਸ਼ੇਸ ਤੌਰ 'ਤੇ ਸ਼ਾਮਲ ਹੋਏ।

ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ 2 ਮੈਂਬਰਾਂ ਨੂੰ ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰ ਬਣਨ 'ਤੇ ਵਧਾਈ ਦਿੱਤੀ ਅਤੇ ਨਵੇਂ ਬਣੇ ਡਾਇਰੈਕਟਰ ਰਣਧੀਰ ਸਿੰਘ ਮਾਜਰੀ ਦਾ ਸਨਮਾਨ ਕੀਤਾ ਗਿਆ। ਯੂਨੀਅਨ ਵੱਲੋਂ ਮਤੇ ਪਾਸ ਕਰਕੇ ਖੇਤੀਬਾੜੀ ਸੰਦਾਂ 'ਤੇ ਸਬਸਿਡੀ ਘਟਾਉਣ ਦੀ ਨਿੰਦਾ ਕਰਦਿਆਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਨੂੰ ਵਧਾ ਕੇ10 ਲੱਖ ਕੀਤਾ ਜਾਵੇ, ਧਰਤੀ ਹੇਠਲੇ ਪਾਣੀ ਦੇ ਹੇਠਾਂ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਤੇ ਝੋਨੇ ਤੋਂ ਇਲਾਵਾ ਬਾਕੀ ਫ਼ਸਲਾਂ ਦੇ ਭਾਅ ਵੀ ਨਿਯੁਕਤ ਕੀਤੇ ਜਾਣ, ਪਰਾਲੀ ਨੂੰ ਅੱਗ ਲਗਾਉਣ ਤੋਂ ਛੁਟਕਾਰਾ ਪਾਉਣ ਲਈ ਕਿਸਾਨਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਏਕੜ ਮੁਅਵਜ਼ਾ ਦਿੱਤਾ ਜਾਵੇ। ਹੜ੍ਹ ਪੀੜਤ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਅਵਾਰਾ ਤੇ ਪਾਲਤੂ ਪਸੂਆਂ ਨੂੰ ਖੁੱਲ੍ਹਾ ਛੱਡਣ 'ਤੇ ਪਾਬੰਦੀ ਲਾਈ ਜਾਵੇ।

ਭਾਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 1 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫ਼ਤਰ ਅੱਗੇ ਧਰਨਾ ਲਾਵੇਗੀ ਤੇ ਮੰਗ ਪੱਤਰ ਦੇਵੇਗੀ।

ਇਸ ਮੌਕੇ ਕੇਹਰ ਸਿੰਘ, ਭਗਵੰਤ ਸਿੰਘ, ਭੁਪਿੰਦਰ ਸਿੰਘ, ਬੇਅੰਤ ਸਿੰਘ, ਨਿਰਮਲ ਸਿੰਘ, ਕੇਵਲ ਸਿੰਘ, ਸੰਤੋਖ ਸਿੰਘ, ਹਰਚੰਦ ਸਿੰਘ, ਛੋਟਾ ਸਿੰਘ, ਸ਼ੇਰ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਨੇਤਰ ਸਿੰਘ, ਪਿਆਰਾ ਸਿੰਘ, ਬਲਵਿੰਦਰ ਸਿੰਘ, ਕਾਕਾ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ, ਸੁਰਮੁੱਖ ਸਿੰਘ, ਜਸਵੀਰ ਸਿੰਘ, ਗੁਰਦੀਪ ਸਿੰਘ ਅਤੇ ਅਵਤਾਰ ਸਿੰਘ ਸਮੇਤ ਹੋਰ ਕਿਸਾਨ ਮੌਜੂਦ ਸਨ।