ਜੋਲੀ ਸੂਦ, ਮੋਰਿੰਡਾ : ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿਸਟਰ ਖੋਸਾ ਜ਼ਿਲ੍ਹਾ ਰੋਪੜ ਟੀਮ ਦੇ ਯਤਨਾਂ ਸਦਕਾ ਕਿਸਾਨਾਂ ਦੀ ਖ਼ਰਾਬ ਹੋਈ ਜੀਰੀ ਦੀ ਫ਼ਸਲ ਦੀ ਗਿਰਦਾਵਰੀ ਦਾ ਕੰਮ ਨਿਰੰਤਰ ਜਾਰੀ ਹੈ, ਅੱਜ ਇਸੇ ਕੜੀ ਤਹਿਤ ਬਲਾਕ ਮੋਰਿੰਡਾ ਦੇ ਪਿੰੜ ਕਕਰਾਲੀ ਵਿਚ ਕਿਸਾਨਾਂ ਦੀ ਬਰਬਾਦ ਹੋਈ ਜੀਰੀ ਫ਼ਸਲ ਦੀ ਗਿਰਦਾਵਰੀ ਬਲਾਕ ਪ੍ਰਧਾਨ ਮਲਕੀਤ ਸਿੰਘ ਸੇਖੋਂ ਕਕਰਾਲੀ ਦੀ ਨਿਗਰਾਨੀ ਹੇਠ ਹੋਈ। ਪ੍ਰਧਾਨ ਨੇ ਆਖਿਆ ਕਿ ਕਿਸਾਨਾਂ ਦੀ ਖੇਤੀਬਾੜੀ ਵਿਭਾਗ ਵੱਲੋਂ ਪ੍ਰਵਾਨਿਤ ਬੀਜਾਂ ਦੀ ਬਿਜਾਈ ਕਰਨ ਦੇ ਬਾਵਜੂਦ ਵੀ ਕਿਸਾਨਾਂ ਦੀ ਜੀਰੀ ਦੀ ਫ਼ਸਲ ਖ਼ਰਾਬ ਹੋ ਗਈ ਸੀ ਇਸ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾਉਣ ਲਈ ਕੁੰਭਕਰਨੀ ਸੁੱਤਾ ਪਏ ਪ੍ਰਸ਼ਾਸਨ ਨੂੰ ਜਗਾਉਣ ਲਈ ਜਥੇਬੰਦੀ ਨੂੰ ਕਾਫੀ ਸਘੰਰਸ਼ ਕਰਨਾ ਪਿਆ, ਇਹ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਦੀ ਮੇਹਨਤ ਦਾ ਹੀ ਨਤੀਜਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਗਿਰਦਾਵਰੀ ਦਾ ਕੰਮ ਨੇਪਰੇ ਚਾੜ੍ਹਨ ਵਿਚ ਲੱਗੇ ਹੋਏ ਹਨ, ਪ੍ਰਧਾਨ ਮਲਕੀਤ ਸਿੰਘ ਨੇ ਮੌਕੇ 'ਤੇ ਗਿਰਦਾਵਰੀ ਕਰਨ ਪਹੁੰਚੇ ਪਟਵਾਰੀ ਬਿਕਰਮ ਜੀਤ ਸਿੰਘ ਦਾ ਧੰਨਵਾਦ ਵੀ ਕੀਤਾ ਜੋ ਕਿ ਸੁਚੱਜੇ ਢੰਗ ਨਾਲ ਗਿਰਦਾਵਰੀ ਦਾ ਕੰਮ ਨੇਪਰੇ ਚਾੜ੍ਹਨ ਵਿਚ ਲੱਗੇ ਹੋਏ ਹਨ। ਇਸ ਸਮੇਂ ਜਰਨੈਲ ਸਿੰਘ ਗੁਰਮੇਲ ਸਿੰਘ, ਆਤਮਾ ਸਿੰਘ, ਗਗਨਦੀਪ ਸਿੰਘ, ਸਾਧੂ ਸਿੰਘ, ਦਲਵੀਰ ਸਿੰਘ, ਸੰਤ ਸਿੰਘ ਆਦਿ ਕਿਸਾਨਾਂ ਦੀ ਗਿਰਦਾਵਰੀ ਹੋ ਗਈ ਅਤੇ ਅੱਗੇ ਗਿਰਦਾਵਰੀ ਦਾ ਕੰਮ ਨਿਰੰਤਰ ਜਾਰੀ ਹੈ। ਇਸ ਮੌਕੇ ਸੰਦੀਪ ਸਿੰਘ, ਊਧਮ ਸਿੰਘ, ਮਨਪ੍ਰਰੀਤ ਸਿੰਘ, ਕਾਲਾ, ਰਵਿੰਦਰ ਸਿੰਘ ਰਵੀ ਆਦਿ ਪਿੰਡ ਵਾਸੀ ਹਾਜ਼ਰ ਸਨ।