ਗੁਰਦੀਪ ਭੱਲੜੀ, ਨੰਗਲ : ਰਾਸ਼ਟਰ ਦੇ ਗੌਰਵ ਵਜੋਂ ਜਾਣਿਆ ਜਾਂਦਾ ਏਸ਼ੀਆ ਦਾ ਸਭ ਤੋਂ ਉੱਚਾ ਭਾਖੜਾ ਡੈਮ ਅੱਜ 55 ਸਾਲ ਦਾ ਹੋ ਗਿਆ ਹੈ। ਬਿਜਲੀ ਦੀ ਪੈਦਾਵਾਰ ਨਾਲ ਜਿੱਥੇ ਇਸ ਡੈਮ ਨੇ ਦੇਸ਼ ਦੀ ਉਦਯੋਗਿਕ ਕ੍ਰਾਂਤੀ ਵਿਚ ਅਹਿਮ ਰੋਲ ਅਦਾ ਕੀਤਾ ਹੈ, ਉੱਥੇ ਦੇਸ਼ ਦੇ ਤਿੰਨ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਕਰੀਬ 65 ਲੱਖ ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕਰਕੇ ਹਰੀ ਕ੍ਰਾਂਤੀ ਵਿਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ।

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ 22 ਅਕਤੂਬਰ 1963 ਨੂੰ ਭਾਖੜਾ ਡੈਮ ਰਾਸ਼ਟਰ ਲਈ ਸਮਰਪਿਤ ਕੀਤਾ ਗਿਆ ਸੀ। ਇਸ ਡੈਮ ਦੇ ਉਦਘਾਟਨ ਮੌਕੇ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਨਵੀਨ ਭਾਰਤ ਦਾ ਆਧੁਨਿਕ ਮੰਦਰ ਕਿਹਾ ਸੀ, ਜੋ ਅੱਜ ਸੱਚ ਸਾਬਤ ਹੋ ਰਿਹਾ ਹੈ। ਇਸ ਬਹੁਮੰਤਵੀ ਪ੍ਰਾਜੈਕਟ ਨੂੰ ਬਣਾਉਣ ਦਾ ਕੰਮ ਭਾਵੇਂ ਅਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ, ਪਰ ਇਸ ਪ੍ਰਾਜੈਕਟ ਦਾ ਵਿਚਾਰ ਸਰ ਲੁੂਈਸ ਡੈਨੇ ਵੱਲੋਂ 1908 ਵਿਚ ਦਿੱਤਾ ਗਿਆ ਸੀ। 1939 ਤੋਂ 1942 ਤਕ ਇਸ ਪ੍ਰਾਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ।

ਸ਼ੁਰੂ ਵਿਚ ਇਸ ਡੈਮ ਦਾ ਨਿਰਮਾਣ ਸਿਰਫ ਸਿੰਚਾਈ ਲਈ ਪਾਣੀ ਇਕੱਠਾ ਕਰਨ ਲਈ ਹੀ ਸੀ ਪਰ ਬਾਅਦ ਵਿਚ ਇਸ ਪ੍ਰਾਜੈਕਟ ਨੂੰ ਬਹੁਮੰਤਵੀ ਬਣਾ ਦਿੱਤਾ ਗਿਆ। 1948 ਤੋਂ 1963 ਵਿਚਕਾਰ ਬਣ ਕੇ ਤਿਆਰ ਹੋਏ ਇਸ ਸੰਸਾਰ ਦੇ ਸਭ ਤੋਂ ਉੱਚੇ ਕੰਕਰੀਟ ਦੇ ਠੋਸ ਬੰਨ੍ਹਾਂ 'ਚੋਂ ਇੱਕ ਭਾਖੜਾ ਡੈਮ ਦੀ ਉਚਾਈ 225.55 ਮੀਟਰ ( 740 ਫੁੱਟ) ਹੈ, ਜੋ ਕਿ ਦਿੱਲੀ ਦੇ ਮਸ਼ਹੂਰ ਕੁਤਬ ਮੀਨਾਰ ਤੋਂ ਤਿੰਨ ਗੁਣਾ ਜ਼ਿਆਦਾ ਹੈ।

ਭਾਖੜਾ ਡੈਮ ਦੇ ਪਿੱਛੇ ਬਣੀ 96.56 ਕਿਲੋਮੀਟਰ ਲੰਬੀ ਅਤੇ 168.35 ਵਰਗ ਕਿਲੋਮੀਟਰ (65 ਵਰਗ ਮੀਲ) ਵਿੱਚ ਫੈਲੀ ਗੋਬਿੰਦ ਸਾਗਰ ਝੀਲ ਦਾ ਨਾਂ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਪਰ ਰੱਖਿਆ ਗਿਆ ਹੈ। ਇਸ ਝੀਲ ਵਿਚ 9621 ਮਿਲੀਅਨ ਘਣ ਮੀਟਰ ਪਾਣੀ ਸਮਾ ਸਕਦਾ ਹੈ। ਗਰਮੀਆਂ ਵਿਚ ਮਾਨ ਸਰੋਵਰ ਝੀਲ ਰਸਤੇ ਬਰਫ ਦਾ ਪਿਘਲਿਆ ਪਾਣੀ ਅਤੇ ਬਾਰਿਸ਼ ਦੀ ਰੁੱਤ ਵਿਚ ਆਉਣ ਵਾਲੇ ਪਾਣੀ ਨੂੰ ਇਸ ਕੈਚਮੈਂਟ ਏਰੀਏ ਵਿੱਚ ਜਮ੍ਹਾਂ ਕਰ ਲਿਆ ਜਾਂਦਾ ਹੈ ਜਿਸ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਆਉਣ ਵਾਲੇ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਿਚ ਵੀ ਇਸ ਡੈਮ ਦਾ ਵੱਡਾ ਯੋਗਦਾਨ ਹੈ। ਚੀਫ ਕੰਸਲਟੈਂਟ ਐੱਮਐੱਚ ਸਲੋਕਮ ਦੀ ਅਗਵਾਈ ਹੇਠ ਬਣੀ ਇਸ ਰਾਸ਼ਟਰੀ ਵਿਰਾਸਤ ਨੂੰ ਬਣਾਉਣ ਲਈ 13 ਹਜ਼ਾਰ ਮਜ਼ਦੂਰਾਂ, 300 ਇੰਜੀਨੀਅਰਾਂ ਅਤੇ 30 ਵਿਦੇਸ਼ੀ ਮਾਹਰਾਂ ਨੇ ਦਿਨ-ਰਾਤ ਕੰਮ ਕਰ ਕੇ ਇਸ ਪ੍ਰਾਜੈਕਟ ਨੂੰ 15 ਸਾਲਾਂ ਵਿੱਚ ਪੂਰਾ ਕੀਤਾ। ਡੈਮ ਦੀ ਉਸਾਰੀ ਦੌਰਾਨ ਸੈਂਕੜੇ ਵਿਅਕਤੀਆਂ ਦੀ ਮੌਤ ਵੀ ਹੋਈ ਸੀ ਜਿਨ੍ਹਾਂ ਦੀ ਯਾਦ ਵਿੱਚ ਭਾਖੜਾ ਡੈਮ ਵਿਖੇ ਸ਼ਹੀਦੀ ਸਮਾਰਕ ਵੀ ਬਣਿਆ ਹੋਇਆ ਹੈ। ਡੈਮ ਵਿੱਚ 1680 ਫੁੱਟ (ਸਮੁੰਦਰੀ ਤਲ) ਤਕ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ।

ਭਾਖੜਾ ਡੈਮ ਵਿਖੇ ਬਣਾਏ ਦੋ ਬਿਜਲੀ ਘਰਾ ਨੂੰ ਰਾਈਟ ਅਤੇ ਲੈਫਟ ਪਾਵਰ ਬੈਂਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲੈਫਟ ਪਾਵਰ ਹਾਉੂਸ ਵਿੱਚ ਜਪਾਨ, ਫਰਾਂਸ ਅਤੇ ਇੰਗਲੈਂਡ ਦੀ ਬਣੀ ਮਸ਼ੀਨਰੀ ਲਾਈ ਗਈ ਹੈ ਅਤੇ ਰਾਈਟ ਬੈਂਕ ਵਿੱਚ ਰਸ਼ੀਅਨ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਹੈ। ਉਸ ਸਮੇਂ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ 1954 ਤੋਂ 1963 ਤਕ ਇਸ ਡੈਮ ਦੇ ਨਿਰਮਾਣ ਸਮੇਂ 13 ਵਾਰ ਇਸ ਡੈਮ ਦਾ ਦੌਰਾ ਕੀਤਾ ਗਿਆ।

ਵਰਕਸ਼ਾਪ ਚਾਲੂ ਕਰਨ ਦੀ ਲੋੜ

ਭਾਖੜਾ ਡੈਮ ਪ੍ਰਾਜੈਕਟ ਸਾਂਝੇ ਪੰਜਾਬ ਦੇ ਨੰਗਲ ਨੇੜਲੇ ਛੋਟੇ ਜਿਹੇ ਪਿੰਡ ਭਾਖੜਾ ਵਿਖੇ ਬਣਾਇਆ ਗਿਆ ਹੈ। ਹੁਣ ਭਾਖੜਾ ਡੈਮ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਹੈ। ਇਸ ਪ੍ਰਾਜੈਕਟ ਦਾ ਪ੍ਰਬੰਧ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ। ਭਾਖੜਾ ਡੈਮ ਦੇਖਣ ਲਈ ਬੀਬੀਐੱਮਬੀ ਵੱਲੋਂ ਨੰਗਲ ਵਿਖੇ ਲੋਕ ਸੰਪਰਕ ਦਫਤਰ ਬਣਾਇਆ ਗਿਆ ਹੈ। ਜਿੱਥੋਂ ਸ਼ਾਮ ਤਿੰਨ ਵਜੇ ਤੋਂ ਪਹਿਲਾਂ ਪਾਸ ਬਣਦਾ ਹੈ ਅਤੇ ਭਾਖੜਾ ਡੈਮ ਨੂੰ ਅੰਦਰੋਂ ਵੇਖਣ ਲਈ ਵਿਸ਼ੇਸ਼ ਰੈੱਡ ਪਰਮਿਟ ਲੈਣਾ ਪੈਦਾ ਹੈ, ਜੋ ਕਿ ਬੀਬੀਐੱਮਬੀ ਦੇ ਮੁੱਖ ਦਫਤਰ ਚੰਡੀਗੜ੍ਹ ਤੋਂ ਜਾਰੀ ਹੁੰਦਾ ਹੈ।

ਡੈਮ ਸਬੰਧੀ ਦਿਲਚਸਪ ਗਲ ਇਹ ਵੀ ਹੈ ਕਿ ਨੰਗਲ ਤੋਂ ਭਾਖੜਾ ਡੈਮ ਦੇ ਵਿਚਕਾਰ ਦੁਨੀਆ ਦੀ ਪਹਿਲੀ ਅਜਿਹੀ ਰੇਲ ਗੱਡੀ ਚਲਦੀ ਹੈ, ਜਿਹੜੀ ਕਿ ਬਿਲਕੁਲ ਮੁਫਤ ਹੈ। ਬੀਬੀਐੱਮਬੀ ਪ੍ਰਸ਼ਾਸਨ ਵੱਲੋਂ ਨੰਗਲ ਵਿਖੇ ਭਾਖੜਾ ਡੈਮ ਸਮੇਤ ਵੱਖ-ਵੱਖ ਪ੍ਰਾਜੈਕਟਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਪੰਜ ਕਰੋੜ ਦੀ ਲਾਗਤ ਨਾਲ ਮਿਊਜ਼ੀਅਮ ਦੀ ਉਸਾਰੀ ਲਈ ਜਲਦੀ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਪਰ ਭਾਖੜਾ ਡੈਮ ਨੂੰ ਬਣਾਉਣ ਮੌਕੇ ਬਣਾਈ ਗਈ ਏਸ਼ੀਆ ਦੀ ਸਭ ਤੋਂ ਵੱਡੀ ਵਰਕਸ਼ਾਪ ਹੁਣ ਬੰਦ ਹੋਣ ਕਿਨਾਰੇ ਪਹੁੰਚ ਚੁੱਕੀ ਹੈ। ਕਿਸੇ ਸਮੇਂ ਇਸ ਵਰਕਸ਼ਾਪ ਵਿਚ 10 ਹਜ਼ਾਰ ਦੇ ਕਰੀਬ ਕਰਮਚਾਰੀ ਕੰਮ ਕਰਦੇ ਸਨ ਪਰ ਹੁਣ ਇਹ ਗਿਣਤੀ ਮਾਤਰ 200 ਕਰਮਚਾਰੀਆਂ ਤਕ ਸਿਮਟ ਚੁੱਕੀ ਹੈ। ਲੋੜ ਹੈ ਇਸ ਵਰਕਸ਼ਾਪ ਨੂੰ ਮੁੜ ਤੋਂ ਚਾਲੂ ਕਰਨ ਦੀ, ਜਿਸ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ।