ਗੁਰਦੀਪ ਭੱਲੜੀ, ਨੰਗਲ : ਪੰਜਾਬ ਸਰਕਾਰ ਦੀ ਸਥਾਨਕ ਉਦਯੋਗਿਕ ਇਕਾਈ ਪੀਏਸੀਐਲ ਅਤੇ ਟਰਾਂਸਪੋਰਟ ਸੁਸਾਇਟੀ ਨੰਗਲ ਦੇ ਟਰਾਂਸਪੋਰਟਰਾਂ ਵਿਚਾਲੇ ਚੱਲ ਰਹੇ ਵਿਵਾਦ ਅੱਜ ਉਸ ਵੇਲੇ ਨਵਾਂ ਮੋੜ ਲੈ ਗਿਆ ਜਦੋਂ ਫੈਕਟਰੀ ਦੀ ਇੱਕ ਮੁਲਾਜ਼ਮ ਜਥੇਬੰਦੀ ਦੀ ਇੰਪਲਾਈਜ਼ ਯੂਨੀਅਨ ਪੀਏਸੀਐੱਨਵਾਂ ਨੰਗਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਟਰਾਂਸਪੋਰਟਰਾਂ ਵੱਲੋਂ ਫੈਕਟਰੀ ਖਿਲਾਫ ਜੋ ਪਿਛਲੇ ਕਈ ਦਿਨਾਂ ਤੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਅਨ ਦਾ ਕਿਰਾਇਆ ਪਹਿਲਾਂ ਹੀ ਸਾਰੇ ਪੰਜਾਬ ਤੋਂ ਜ਼ਿਆਦਾ ਹੈ। ਬਲਕਿ ਪਹਿਲਾਂ ਹੀ ਪੂਰੇ ਪੰਜਾਬ ਵਿੱਚ ਟਰੱਕ ਯੂਨੀਅਨਾਂ ਭੰਗ ਹੋ ਚੁੱਕੀਆਂ ਹਨ। ਪੀ ਏ ਸੀ ਐਲ ਫੈਕਟਰੀ ਵਿੱਚ 500 ਦੇ ਲਗਭਗ ਕਰਮਚਾਰੀ ਕੰਮ ਕਰਦੇ ਹਨ ਜਿੰਨਾਂ ਕਰਕੇ 20 ਤੋਂ 25 ਹਜ਼ਾਰ ਪਰਿਵਾਰਿਕ ਮੈਂਬਰਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ। ਫੈਕਟਰੀ ਪਹਿਲਾਂ ਹੀ ਕੋਵਿਡ-19 ਕਾਰਨ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਕਰਮਚਾਰੀਆਂ ਦੀ ਤਨਖਾਹ ਕੱਟ ਕੇ ਮਿਲ ਰਹੀ ਹੈ। ਉਪਰੋਂ ਟਰੱਕ ਯੂਨੀਅਨ ਜਬਰਦਸਤੀ ਕਰ ਰਹੀ ਹੈ। ਉਨਾਂ ਪੀ ਏ ਸੀ ਐਲ ਨੂੰ ਬਚਾਉਣ ਲਈ ਪੰਜਾਬ ਸਰਕਾਰ ਤੋਂ ਖਾਸ ਤੌਰ ਤੇ ਸਥਾਨਕ ਵਿਧਾਇਕ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ ਪੀ ਸਿੰਘ ਤੋਂ ਮੰਗ ਕੀਤੀ ਕਿ ਟਰੱਕ ਯੂਨੀਅਨ ਬਾਰੇ ਕੋਈ ਵੀ ਫੈਸਲਾ ਲੈਂਦੇ ਸਮੇਂ ਸਾਡੇ 25 ਹਜਾਰ ਪਰਿਵਾਰਕ ਮੈਂਬਰਾਂ ਦਾ ਧਿਆਨ ਰੱਖਿਆ ਜਾਵੇ ਅਤੇ ਫੈਕਟਰੀ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਫੈਕਟਰੀ ਤੋਂ ਮਾਲ ਦੀ ਢੋਅ ਢੁਆਈ ਲਈ ਪੂਰੇ ਪੰਜਾਬ ਤੋਂ ਟੈਂਡਰ ਲਏ ਜਾਣ। ਇਸ ਮੌਕੇ ਜਰਨੈਲ ਸਿੰਘ, ਜਤਿੰਦਰ ਕੁਮਾਰ ਵਰਮਾ, ਹਰਗੋਪਾਲ, ਸੁਰੇਸ਼ ਕੁਮਾਰ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।