ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਸਰਬਜੀਤ ਸਿੰਘ,ਰੂਪਨਗਰ : ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਕੁੱਟਮਾਰ ਤੋਂ ਬਾਅਦ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਡਾ.ਅੰਬੇਡਕਰ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਿ੍ਤਕ ਜਗਮੇਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦੇਣ ਲਈ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਸੂਬੇ 'ਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਬਸਪਾ ਦੇ ਸੀਨੀਅਰ ਆਗੂ ਜਗਦੀਸ਼ ਸਿੰਘ ਹਵੇਲੀ ਨੇ ਕਿਹਾ ਕਿ ਪਿਛਲੇ ਦਿਨੀਂ ਜਾਤੀਵਦਾਦ ਨਾਲ ਹੰਕਾਰੇ ਧਨਾਢ ਜਿਮੀਦਾਰਾਂ ਵੱਲੋਂ ਚੰਗਾਲੀਵਾਲਾ ਪਿੰਡ ਦੇ ਜਗਮੇਲ ਸਿੰਘ ਨੂੰ ਅਣਮਨੁੱਖੀ ਤਰੀਕੇ ਨਾਲ ਕੋਹ ਕੋਹ ਕੇ ਮਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਗਮੇਲ 'ਤੇ ਗੈਰ-ਮਨੁੱਖੀ ਤਰੀਕੇ ਨਾਲ ਤਸ਼ੱਦਦ ਦਿੱਤਾ ਗਿਆ ਹੈ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਦਲਿਤਾਂ 'ਤੇ ਅੱਤਿਆਚਾਰ ਵੱਧ ਰਹੇ ਹਨ ਅਤੇ ਦਲਿਤਾਂ 'ਚ ਸਹਿਮ ਦਾ ਮਾਹੌਲ ਹੈ। ਬਸਪਾ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਡੱਬਰੀ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਜਗਮੇਲ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇ ਅਤੇ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਪੱਕੀ ਨੌਕਰੀ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਗਮੇਲ ਸਿੰਘ ਦੀ ਦੇਹ ਪੀਜੀਆਈ ਚੰਡੀਗੜ੍ਹ ਵਿਖੇ ਰੱਖੀ ਹੋਈ ਹੈ ਅਤੇ ਜਦੋਂ ਤਕ ਇਨਸਾਫ ਨਹੀਂ ਮਿਲਦਾ, ਉਦੋਂ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ ਅਤੇ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਬਸਪਾ ਪਾਰਟੀ ਹਰ ਦੁੱਖ ਸੁੱਖ 'ਚ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ 'ਤੇ ਤੁਰੰਤ ਕਾਬੂ ਪਾਉਣਾ ਚਾਹੀਦਾ ਹੈ ਅਤੇ ਦਲਿਤ ਸਮਾਜ ਨਾਲ ਹੋ ਰਹੇ ਅੱਤਿਆਚਾਰਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਇਸ ਦੌਰਾਨ ਬਸਪਾ ਦੇ ਸੀਨੀਅਰ ਆਗੂ ਜਸਪਾਲ ਸਿੰਘ ਗੱਡੂ, ਜਗਦੀਸ਼ ਸਿੰਘ ਹਵੇਲੀ, ਡਾ.ਰਾਜੇਸ਼ ਬੱਗਣ ਪਧਾਨ ਅੰਬੇਡਕਰ ਮੰਚ, ਸਾਬਕਾ ਤਹਿਸੀਲਦਾਰ ਜੋਗਿੰਦਰ ਸਿੰਘ, ਬੀਰਬਲ ਵੈਦ ਉਪ ਪ੍ਰਧਾਨ, ਜਗਤਾਰ ਸਿੰਘ ਬੀਕਾਪੁਰ, ਨਰਿੰਦਰ ਢੇਰ, ਮੱਖਣ ਸਿੰਘ ਸੁਰਤਾਪੁਰ, ਕੁਲਦੀਪ ਘਨੌਲੀ ਬਸਪਾ ਆਗੂ ਨੇ ਸੰਬੋਧਨ ਕਰਦਿਆਂ ਚੰਗਾਲੀਵਾਲਾ ਕਾਂਡ ਦੀ ਨਿਖੇਧੀ ਕੀਤੀ। ਇਸ ਦੌਰਾਨ ਬਾਲਮੀਕ ਸਭਾ ਦੇ ਪ੍ਰਧਾਨ ਮੰਗਲ ਪ੍ਰਕਾਸ਼ ਭੱਟੀ, ਗੁਰਵਿੰਦਰ ਸਿੰਘ ਗੋਲਡੀ ਇੰਚਾਰਜ ਵਿਧਾਨ ਸਭਾ, ਗੁਰਜੀਤ ਸਿੰਘ ਕਿਸਾਨ ਆਗੂ, ਬਲਬੀਰ ਸਿੰਘ ਥਾਣੇਦਾਰ, ਹੁਸਨ ਚੰਦ, ਝੰਡਾ ਸਿੰਘ ਮਹਿਰਾ, ਹਰਪ੍ਰਰੀਤ ਸਿੰਘ ਖੁਆਸਪੁਰਾ, ਦਰਸ਼ਨ ਸਿੰਘ, ਬੱਲੀ ਬੱਗਣ ਆਦਿ ਮੌਜੂਦ ਸਨ।