ਸਟਾਫ ਰਿਪੋਰਟਰ, ਰੂਪਨਗਰ : ਰੂਪਨਗਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਿੰਦਰ ਸਿੰਘ ਿਢੱਲੋਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਤੇ ਲੋਕਾਂ ਦੀਆ ਸਮੱਸਿਆਵਾਂ ਸਬੰਧੀ ਜ਼ਮੀਨੀ ਪੱਧਰ ਤੋਂ ਰਿਪੋਰਟ ਲੈਣ ਲਈ ਜਾਰੀ ਕੀਤੇ ਫ਼ਾਰਮ 'ਮੇਰੀ ਸੋਚ ਮੇਰੀ ਸਰਕਾਰ ਤੱਕ' ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ।

ਮੁੱਖ ਮੰਤਰੀ ਰਿਹਾਇਸ਼ 'ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਿਢੱਲੋਂ ਨਾਲ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਇਸ ਫ਼ਾਰਮ ਨੂੰ ਪੜ੍ਹਨ ਤੋਂ ਬਾਅਦ ਇਸ 'ਚ ਅੰਕਿਤ ਕੀਤੇ ਗਏ ਕਾਲਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਫ਼ਾਰਮ ਸਰਕਾਰ ਦੀ ਰਿਪੋਰਟ ਹਾਸਲ ਕਰਨ ਲਈ ਚੰਗਾ ਕਦਮ ਹੈ ਤੇ ਇਸ ਤਜ਼ਰਬੇ 'ਚ ਕੋਈ ਅੜਚਨ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਫ਼ਾਰਮ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਨਿਰਪੱਖ ਹੋ ਕੇ ਭਰਿਆ ਜਾਵੇ ਤਾਂ ਜੋ ਸਹੀ ਜਾਣਕਾਰੀ ਸਰਕਾਰ ਤੱਕ ਪਹੁੰਚ ਸਕੇ।

ਿਢੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਰੂਪਨਗਰ 'ਚ ਇਸ ਦੇ ਸਫ਼ਲ ਤਜ਼ਰਬੇ ਤੋਂ ਬਾਅਦ ਇਸ ਤਰ੍ਹਾਂ ਦੇ ਫ਼ਾਰਮ ਪੰਜਾਬ ਦੇ ਹੋਰ ਵੱਖ-ਵੱਖ ਹਿੱਸਿਆਂ ਵਿੱਚ ਵੀ ਭੇਜੇ ਜਾਣਗੇ ਤਾਂ ਜੋ ਲੋਕਾਂ ਤੋਂ ਸਹੀ ਜਾਣਕਾਰੀ ਸਰਕਾਰ ਤੱਕ ਪੁੱਜ ਸਕੇ। ਿਢੱਲੋਂ ਨੇ ਕਿਹਾ ਕਿ ਇਨ੍ਹਾਂ ਫ਼ਾਰਮਾਂ ਦੇ ਜ਼ਰੀਏ ਜਿਨ੍ਹਾਂ ਅਫ਼ਸਰਾਂ ਦੀ ਲਾਪਰਵਾਹੀ ਜਾਂ ਨਾਲਾਇਕੀ ਸਾਹਮਣੇ ਆਈ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਹੈ। ਿਢੱਲੋਂ ਨੇ ਕਿਹਾ ਇਹ ਫ਼ਾਰਮ ਪਹਿਲਾਂ ਰੂਪਨਗਰ ਵਿਧਾਨ ਸਭਾ ਹਲਕੇ 'ਚ ਭੇਜੇ ਜਾ ਰਹੇ ਹਨ ਤੇ ਇਸ ਤੋਂ ਬਾਅਦ ਜ਼ਿਲ੍ਹੇ ਦੇ ਦੂਸਰੇ ਹਲਕਿਆਂ 'ਚ ਵੀ ਭੇਜੇ ਜਾਣਗੇ।