ਅਭੀ ਰਾਣਾ, ਨੰਗਲ : ਪੱਛਮੀ ਬੰਗਾਲ 'ਚ ਲਾੜੀ ਲਿਆਉਣ ਗਏ ਨੰਗਲ ਦੇ ਨਾਲ ਲਗਦੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਦੇ 17 ਬਰਾਤੀ 71 ਦਿਨਾਂ ਬਾਅਦ ਆਪਣੇ ਪਿੰਡ ਕੁਟਲੈਹੜ ਵਾਪਸ ਪਹੁੰਚੇ। ਸਾਰਿਆਂ ਦੀ ਦੂਜੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇਕਾਂਤਵਾਸ ਕੀਤਾ ਗਿਆ।

ਬਰਾਤੀਆਂ ਨੂੰ ਸ਼ਨਿਚਰਵਾਰ ਨੂੰ ਬੀਐੱਮਓ ਬੰਗਾਣਾ ਡਾ. ਐੱਨਕੇ ਆਂਗਰਾ ਨੇ ਡਿਸਚਾਰਜ ਸਲਿੱਪ ਦੇ ਕੇ ਰਵਾਨਾ ਕੀਤਾ ਅਤੇ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਇਸ ਦੌਰਾਨ ਨਾਇਬ ਤਹਿਸੀਲਦਾਰ ਬੀਹੜੂ ਧਰਮਪਾਲ ਨੇਗੀ ਵੀ ਮੌਜੂਦ ਰਹੇ।

ਪਿਛਲੇ 13 ਦਿਨ ਤੋਂ ਸਾਰੇ ਬਰਾਤੀ ਇਕਾਂਤਵਾਸ ਵਿਚ ਸਨ, ਜਿਨ੍ਹਾਂ ਵਿਚ 7 ਵਿਅਕਤੀ, 6 ਔਰਤਾਂ ਅਤੇ 4 ਬੱਚੇ ਸ਼ਾਮਲ ਸਨ।

ਲਾੜੇ ਸੁਨੀਲ ਨੇ ਕਿਹਾ ਵਿਆਹ ਦੌਰਾਨ ਅਸੀਂ ਸਾਰੇ ਲੋਕ ਦੇਸ਼ ਵਿਚ ਹੋਈ ਤਾਲਾਬੰਦੀ ਦੇ ਚਲਦੇ ਕੋਲਕਾਤਾ ਵਿਚ ਹੀ ਫਸ ਗਏ ਸੀ। ਰੇਲ ਅਤੇ ਹਵਾਈ ਸੇਵਾ ਬੰਦ ਹੋ ਗਈ ਅਤੇ ਸਾਰਿਆਂ ਦੇ ਸਾਹਮਣੇ ਖਾਣ ਪੀਣ ਦੀ ਸਮੱਸਿਆ ਖੜ੍ਹੀ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਵਿਰੇਂਦਰ ਕੰਵਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਡੀ ਮਦਦ ਕਰਦੇ ਹੋਏ ਸਾਨੂੰ ਕੋਲਕਾਤਾ ਵਿਚ ਹੀ ਰਾਸ਼ਨ ਅਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ। ਵਿਆਹ ਕਰਾਉਣ ਨਾਲ ਗਏ ਪੰਡਤ ਨਰੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੋਲਕਾਤਾ ਵਿਚ ਮਦਦ ਕਰਨ ਅਤੇ ਵਾਪਸ ਪਹੁੰਚਾਉਣ ਵਿਚ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਵਿਰੇਂਦਰ ਕੰਵਰ ਦਾ ਬਹੁਤ ਵੱਡਾ ਯੋਗਦਾਨ ਰਿਹਾ।

ਸਿਹਤ ਵਿਭਾਗ ਦੇ ਤੈਅ ਪ੍ਰੋਟੋਕਾਲ ਮੁਤਾਬਕ ਸਾਰਿਆਂ ਨੂੰ 14 ਦਿਨ ਦੀ ਕੁਆਰੰਟਾਈਨ ਮਿਆਦ ਪੂਰੀ ਕਰਨੀ ਹੋਵੇਗੀ, ਇਸ ਲਈ ਡਾ. ਆਂਗਰਾ ਨੇ ਸਾਰੇ ਬਰਾਤੀਆਂ ਨੂੰ ਕਿਸੇ ਨਾਲ ਵੀ ਮਿਲਣ ਤੋਂ ਪਰਹੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ। ਬੀਐੱਮਓ ਡਾ. ਆਂਗਰਾ ਨੇ ਕਿਹਾ ਕਿ 23 ਮਈ ਨੂੰ ਬਰਾਤੀਆਂ ਵਿਚੋਂ ਇਕ ਨੌਜਵਾਨ ਪਾਜ਼ੇਟਿਵ ਆਉਣ ਤੋਂ ਬਾਅਦ ਸਾਰੇ 17 ਲੋਕਾਂ ਦੇ ਦੁਬਾਰਾ ਸੈਂਪਲ ਕਰਵਾਏ ਗਏ ਅਤੇ ਦੂਜੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਜਾਣ ਲਈ ਕਿਹਾ ਗਿਆ। ਨਾਇਬ ਤਹਿਸੀਲਦਾਰ ਬੀਹੜੂ ਧਰਮਪਾਲ ਨੇਗੀ ਨੇ ਦੱਸਿਆ ਕਿ ਸੰਸਥਾਗਤ ਇਕਾਂਤਵਾਸ ਵਿਚ ਸਾਰੇ ਲੋਕਾਂ ਨੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਊਨਾ ਤੋਂ ਉਨ੍ਹਾਂ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਮਿਲੀਆਂ ਹਨ। ਇਕਾਂਤਵਾਸ ਕੀਤੇ ਗਏ 18 ਲੋਕਾਂ ਵਿੱਚੋਂ 4 ਛੋਟੇ ਬੱਚੇ ਵੀ ਸਨ, ਜਿਨ੍ਹਾਂ ਲਈ ਦੁੱਧ ਦਾ ਪ੍ਰਬੰਧ ਕੀਤਾ ਗਿਆ ਸੀ।