ਪਰਮਜੀਤ ਕੌਰ,ਚਮਕੌਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਟ੍ਰੈਫਿਕ ਜਾਗਰੂਕਤਾ ਅਭਿਆਨ ਦੇ ਅੰਤਰਗਤ ਸੈਮੀਨਾਰ ਲਗਾਇਆ ਗਿਆ। ਟ੍ਰੈਫਿਕ ਇੰਚਾਰਜ਼ ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਟ੍ਰੈਫਿਕ ਦੀ ਵੱਧਦੀ ਸਮੱਸਿਆ ਅਤੇ ਉਸ ਦੇ ਨਤੀਜੇ ਵਜੋਂ ਵੱਧਦੀਆਂ ਹੋਈਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਦੇ ਹੁਕਮਾਂ ਅਨੁਸਾਰ ਇਹ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ ਅਤੇ ਇਸ ਦੀ ਉਲੰਘਣਾ ਜਾਨ-ਮਾਲ ਦੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਵੇਂ ਲਾਗੂ ਹੋਏ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਜਿਵੇਂ ਕਿ ਬਿਨਾਂ ਲਾਇਸੰਸ ਵਾਹਨ ਨਾ ਚਲਾਉਣਾ, ਹੈਲਮੈਂਟ ਪਾਉਣ ਦੀ ਜ਼ਰੂਰਤ, ਸੜਕ 'ਤੇ ਚੱਲਣ ਦੇ ਨਿਯਮ ਆਦਿ। ਉਨ੍ਹਾਂ ਇਹ ਵੀ ਦੱਸਿਆ ਕਿ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦਾ ਪ੍ਰਯੋਗ ਖਤਰਨਾਕ ਸਿੱਧ ਹੋ ਸਕਦਾ ਹੈ, ਇਸ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਦੇ ਹੋਏ ਆਪਣੇ ਜੀਵਨ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਡਾਇਰੈਕਟਰ ਰਾਣਾ ਓਮਬੀਰ ਸਿੰਘ, ਪ੍ਰਧਾਨ ਰਾਣਾ ਹਰਿੰਦਰ ਸਿੰਘ ਸੋਢੀ, ਸੁਰਿੰਦਰਪਾਲ ਸਿੰਘ, ਰਾਜਿੰਦਰ ਸਿੰਘ ਅਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ।ੰ