ਸਟਾਫ ਰਿਪੋਰਟਰ, ਰੂਪਨਗਰ : ਇਕ ਨੌਜਵਾਨ ਨੇ ਆਪਣੀ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਰੋਪੜ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਲੜਕੀ ਦੀ ਪਛਾਣ ਆਸ਼ਾ ਰਾਣੀ ਪੁੱਤਰੀ ਓਮ ਪ੍ਰਕਾਸ਼ ਮਲੋਹਤਰਾ ਵਾਸੀ ਰਾਮ ਕਿਸ਼ਨ ਕਾਲੋਨੀ ਰੂਪਨਗਰ ਵਜੋਂ ਹੋਈ ਹੈ। ਜ਼ੇਰੇ ਇਲਾਜ ਆਸ਼ਾ ਰਾਣੀ ਨੇ ਦੱਸਿਆ ਕਿ ਉਸ ਦਾ ਵਿਆਹ 28 ਨਵੰਬਰ 2019 ਨੂੰ ਸਰਾਂਸ਼ ਗੁਪਤਾ ਪੁੱਤਰ ਹਰਮੇਸ਼ ਗੁਪਤਾ ਵਾਸੀ ਮਕਾਨ ਨੰਬਰ 339 ਦਸਮੇਸ਼ ਨਗਰ ਰੂਪਨਗਰ ਦੇ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਪਿੱਛੋਂ ਹੀ ਝਗੜਾ ਸ਼ੁੁਰੂ ਹੋ ਗਿਆ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਸਰਾਂਸ਼ ਗੁਪਤਾ ਉਸ ਨੂੰ ਕਹਿੰਦਾ ਹੈ ਕਿ ਉਹ ਬੀ-ਫਾਰਮੇਸੀ ਕਰਦੀ ਲੜਕੀ ਦੇ ਨਾਲ ਹੀ ਵਿਆਹ ਕਰਵਾਏਗਾ, ਜਿਸ ਨੂੰ ਲੈ ਕੇ ਹਰ ਰੋਜ਼ ਹੀ ਘਰ ਵਿਚ ਕਲੇਸ਼ ਰਹਿੰਦਾ ਸੀ। ਹਾਲਾਂਕਿ ਕਲੇਸ਼ ਨੂੰ ਲੈ ਕੇ ਉਨ੍ਹਾਂ ਵਿਚਕਾਰ ਕਈ ਆਪਸੀ ਸਮਝੌਤੇ ਵੀ ਹੋਏ ਪਰ ਇਸ ਦੇ ਬਾਵਜੂਦ ਨੌਬਤ ਇੱਥੋਂ ਤਕ ਆ ਗਈ ਕਿ ਸ਼ਨਿਚਰਵਾਰ ਦੇ ਦਿਨ ਪਤੀ ਨੇ ਉਸ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਉਸ ਦੇ ਗਲ਼ੇ ਅਤੇ ਅੱਖ 'ਤੇ ਡੂੰਘੇ ਕੱਟ ਲੱਗ ਗਏ ਹਨ।

---

ਕਾਰਵਾਈ ਕੀਤੀ ਜਾ ਰਹੀ : ਪੁਲਿਸ

ਜਾਂਚ ਅਧਿਕਾਰੀ ਏਐੱਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦੇ ਪਿਤਾ ਓਮ ਪ੍ਰਕਾਸ਼ ਦੇ ਬਿਆਨਾਂ ਦੇ ਆਧਾਰ 'ਤੇ ਸਰਾਂਸ਼ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।