ਅਭੀ ਰਾਣਾ, ਨੰਗਲ : ਪਿੰਡ ਬਾਸ 'ਚ ਕੁਝ ਲੋਕ ਜਦੋਂ ਬਾਹਰ ਤੋਂ ਜੇਸੀਬੀ ਮਸ਼ੀਨਾਂ ਤੇ ਟਰੈਕਟਰ ਲਿਆ ਕੇ ਪੰਚਾਇਤ ਤੋਂ ਬਿਨਾਂ ਪੁੱਛੇ ਪਿੰਡ ਲਾਗੇ ਕੰਮ ਸ਼ੁਰੂ ਕਰਨ ਲੱਗੇ ਤਾਂ ਪੰਚਾਇਤ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਇਹ ਪੁੱਛਣਾ ਬਹੁਤ ਮਹਿੰਗਾ ਪਿਆ ਕਿ ਤੁਸੀਂ ਉਕਤ ਥਾਂ 'ਤੇ ਕੀ ਕੰਮ ਕਰਨ ਲੱਗੇ ਹੋ। ਇਨ੍ਹਾਂ ਪੁੱਛਦੇ ਸਾਰ ਹੀ ਜੇਸੀਬੀ ਚਾਲਕ ਨੇ ਪਿੰਡ ਬਾਸ ਦੀ ਮਹਿਲਾ ਸਰਪੰਚ ਰਾਜ ਦੁਲਾਰੀ ਦੇ ਪਤੀ ਸ਼ਿਵ ਕੁਮਾਰ ਨੂੰ ਜੇਸੀਬੀ ਦੀ ਫੇਟ ਮਾਰੀ ਤੇ ਟਰੈਕਟਰ ਚਾਲਕ ਨੇ ਨਾਲ ਖੜ੍ਹੇ ਮੌਜੂਦਾ ਪੰਚ ਗਗਨਦੀਪ 'ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਦੋਹਾਂ ਨੇ ਮੌਕੇ 'ਤੇ ਮੌਜੂਦਾ ਲੋਕਾਂ ਦੀ ਮਦਦ ਨਾਲ ਭੱਜ ਕੇ ਜਾਨ ਬਚਾਈ।

ਮਸ਼ੀਨਾਂ ਨਾਲ ਪਿੰਡ 'ਚ ਕੰਮ ਕਰਨ ਵਾਲੇ ਲੋਕਾਂ 'ਤੇ ਦੋਸ਼ ਲਗਾਉਂਦੇ ਹੋਏ ਨੰਗਲ ਬੀਬੀਐੱਮਬੀ ਹਸਪਤਾਲ 'ਚ ਦਾਖ਼ਲ ਹੋਏ ਪਿੰਡ ਬਾਸ ਦੀ ਮੌਜੂਦਾ ਸਰਪੰਚ ਰਾਜ ਦੁਲਾਰੀ ਦੇ ਪਤੀ ਸ਼ਿਵ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਪਿੰਡ ਵਾਸੀਆਂ ਨੇ ਜਦੋਂ ਪੰਚਾਇਤ ਨੂੰ ਦੱਸਿਆ ਕਿ ਪਿੰਡ 'ਚੋਂ ਲੰਘਦੀ ਸੈਂਕੜੇ ਸਾਲ ਪੁਰਾਣੀ ਖੱਡ ਨੂੰ ਕੁਝ ਲੋਕਾਂ ਵੱਲੋਂ ਮਸ਼ੀਨਾਂ ਲਗਾ ਕੇ ਬੰਦ ਕੀਤਾ ਜਾ ਰਿਹਾ ਹੈ ਤਾਂ ਉਹ ਇਸ ਸਬੰਧੀ ਉਕਤ ਥਾਂ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਪੁੱਛਣ ਚਲੇ ਗਏ।

ਪੰਚਾਇਤ ਮੈਂਬਰਾਂ ਨੇ ਕਿਹਾ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਪੁੱਛਣ ਵਾਲੇ ਕੌਣ ਹੁੰਦੇ ਹਨ। ਇਸ ਤੋਂ ਬਾਅਦ ਜਦੋਂ ਪੰਚਾਇਤ ਮੈਂਬਰ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਣ ਲੱਗੇ ਤਾਂ ਜੇਸੀਬੀ ਚਾਲਕ ਨੇ ਉਸਨੂੰ ਜੇਸੀਬੀ ਦੀ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਸਰਪੰਚ ਰਾਜ ਦੁਲਾਰੀ ਤੇ ਪਿੰਡ ਵਾਸੀ ਬਲਦੇਵ ਚੰਦ, ਰਾਜਨ ਬਾਲੀ, ਪਰਮਜੀਤ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ, ਮਨਜੀਤ, ਸਤਪਾਲ ਸ਼ਰਮਾ, ਸਤੀਸ਼ ਕੁਮਾਰ, ਦੀਪਕ ਦਵੇਦੀ ਆਦਿ ਨੇ ਕਿਹਾ ਕਿ ਜੇਕਰ ਉਕਤ ਖੱਡ ਬੰਦ ਹੋ ਗਈ ਤਾਂ ਸਤਲੁਜ ਦਰਿਆ 'ਚ ਡਿੱਗਣ ਵਾਲਾ ਪਾਣੀ ਪਿੰਡ ਦੀਆਂ ਸੜਕਾਂ 'ਤੇ ਆ ਜਾਵੇਗਾ ਜਿਸ ਨਾਲ ਨਵੀਆਂ ਬਣੀਆਂ ਸੜਕਾਂ ਵੀ ਤਹਿਸ ਨਹਿਸ ਹੋ ਜਾਣਗੀਆਂ।

ਇਸ ਸਬੰਧੀ ਏਐੱਸਆਈ ਗੁਰਦੇਵ ਸਿੰਘ ਨੇ ਕਿਹਾ ਕਿ ਉਹ ਮੌਕੇ 'ਤੇ ਗਏ ਸਨ ਅਜਿਹਾ ਕੁਝ ਨਹੀਂ ਹੋਇਆ। ਹਸਪਤਾਲ 'ਚ ਜੋ ਵਿਅਕਤੀ ਦਾਖ਼ਲ ਹਨ, ਜਲਦ ਹੀ ਉਨ੍ਹਾਂ ਦੇ ਬਿਆਨ ਲਏ ਜਾਣਗੇ ਤੇ ਬਿਆਨਾਂ ਦੇ ਆਧਾਰ 'ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।