ਪਵਨ ਕੁਮਾਰ ਨੂਰਪੁਰ ਬੇਦੀ : ਨੂਰਪੁਰ ਬੇਦੀ ਪੁਲਿਸ ਨੇ ਅੰਮ੍ਰਿਤਸਰ ਵਿੱਚ ਏਐੱਸਆਈ ਦਿਲਬਾਗ ਸਿੰਘ ਦੀ ਕਾਰ ਹੇਠ ਬੰਬ ਰੱਖਣ ਵਾਲੇ ਨੂੰ ਪਨਾਹ ਦੇਣ ਦੇ ਜ਼ੁਰਮ ਵਿੱਚ ਪਿੰਡ ਗੜਬਾੜਾ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇਥੇ ਜਾਣਕਾਰੀ ਦਿੰਦਿਆਂ ਨੂਰਪੁਰ ਬੇਦੀ ਪੁਲਿਸ ਥਾਣੇ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਬੰਬ ਰੱਖਣ ਵਾਲੇ ਦੋਸ਼ੀ ਯੁਵਰਾਜ ਸਿੰਘ ਸਭਰਵਾਲ ਉਰਫ ਯਸ਼ ਪੁੱਤਰ ਰਣਜੀਤ ਸਿੰਘ ਅੰਮ੍ਰਿਤਸਰ ਨੂੰ ਪੁਲਿਸ ਥਾਣਾ ਨੂਰਪੁਰ ਬੇਦੀ ਦੇ ਪਿੰਡ ਗੜਬਾਗਾ ਦੇ ਵਸਨੀਕ ਗੁਰਚਰਨ ਸਿੰਘ ਨੇ ਦੋ ਦਿਨ ਆਪਣੇ ਘਰ ਵਿੱਚ ਪਨਾਹ ਦਿੱਤੀ। ਅਜਿਹਾ ਉਸ ਨੇ ਆਪਣੇ ਭਰਾ ਅਸ਼ੋਕ ਕੁਮਾਰ ਜੋ ਇੱਕ ਕਤਲ ਦੇ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਹੈ, ਦੇ ਕਹਿਣ 'ਤੇ ਕੀਤਾ। ਬੰਬ ਰੱਖਣ ਵਾਲੇ ਕਥਿਤ ਦੋਸ਼ੀ ਨੂੰ ਅੰਮ੍ਰਿਤਸਰ ਤੋਂ ਹੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੇ ਪੁਲਿਸ ਕੋਲ ਪਿੰਡ ਗੜਬਾਗਾ ਦੇ ਵਸਨੀਕ ਗੁਰਚਰਨ ਸਿੰਘ ਦੇ ਘਰ ਦੋ ਦਿਨ ਰਹਿਣ ਦੀ ਗੱਲ ਮੰਨੀ ਹੈ। ਇੰਸਪੈਕਟਰ ਬਰਾੜ ਨੇ ਕਿਹਾ ਕਿ ਅੱਜ ਪਨਾਹ ਦੇਣ ਵਾਲੇ ਵਿਅਕਤੀ ਗੁਰਚਰਨ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਉਸ ਖ਼ਿਲਾਫ਼ ਅ/ਧ 212,216-ਏ ਹਿੰ: ਦਿ: ਅਤੇ ਸੈਕਸ਼ਨ 19ਯੂਪੀਏ ਐਕਟ 1967 ਤਹਿਤ ਪਰਚਾ ਦਰਜ ਕਰਕੇ ਅੱਜ ਰੂਪਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਮਾਣਯੋਗ ਆਦਲਤ ਨੇ ਕਥਿਤ ਦੋਸ਼ੀ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਦੇ ਭੇਜ ਦਿੱਤਾ ਜੋ ਪੁਲਿਸ ਉਸ ਤੋਂ ਇਸ ਕੇਸ ਬਾਰੇ ਬਰੀਕੀ ਨਾਲ ਜਾਂਚ ਕਰ ਸਕੇ।

Posted By: Jagjit Singh