ਹਰਜਿੰਦਰ ਕੌਰ ਚਾਹਲ, ਬੰਗਾ

ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਤੇ ਇਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਅਲਕਾ ਮੀਨਾ ਵਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹੇ ਦੀਆਂ ਜ਼ਿਲ੍ਹਾ ਜਲੰਧਰ ਨਾਲ ਲੱਗਦੀਆਂ ਹੱਦਾਂ ਨੂੰ ਸੀਲ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਉਪ ਪੁਲਿਸ ਕਪਤਾਨ ਹੈੱਡਕੁਆਟਰ ਨਵਾਂਸ਼ਹਿਰ ਤੇ ਐਸਐਚਓ ਪਵਨ ਕੁਮਾਰ ਥਾਣਾ ਮੁਖੀ ਮੁਕੰਦਪੁਰ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਪਿੰਡ ਬੱਲੋਵਾਲ ਜਿੱਥੋ ਅੱਗੇ ਜ਼ਿਲ੍ਹਾ ਜਲੰਧਰ ਦੀ ਹੱਦ ਸ਼ੁਰੂ ਹੁੰਦੀ ਹੈ ਤੋਂ ਇਲਾਵਾ ਪਿੰਡ ਚਾਹਲ ਕਲਾਂ ਤੋਂ ਪਿੰਡ ਮੋਰੋਂ ਤੇ ਪਿੰਡ ਬਖਲੌਰ ਤੋਂ ਲਸਾੜਾ ਜਾਣ ਵਾਲੇ ਰਸਤੇ ਜੋ ਕਿ ਨਵਾਂਸ਼ਹਿਰ ਜ਼ਿਲ੍ਹੇ ਨੂੰ ਜਲੰਧਰ ਨਾਲ ਜੋੜਦੇ ਸੀ, ਨੂੰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋ ਮੁੱਖ ਸੜਕਾਂ 'ਤੇ ਲਗਾਏ ਨਾਕਿਆਂ ਕਾਰਨ ਲੋਕ ਪਿੰਡਾ ਦੇ ਰਸਤਿਆਂ ਰਾਹੀਂ ਜਲੰਧਰ ਜ਼ਿਲੇ ਵਿਚ ਦਾਖਲ ਹੋ ਜਾਂਦੇ ਸੀ ਜਿਸ ਕਰ ਕੇ ਇਹ ਰਸਤੇ ਵੀ ਸੀਲ ਕਰਨੇ ਪਏ। ਇਸ ਮੌਕੇ ਸਰਪੰਚ ਅਮਰਜੀਤ ਕੌਰ, ਸਤਨਾਮ ਸਿੰਘ ਸਬ-ਇੰਸਪੈਕਟਰ ਮੁਕੰਦਪੁਰ, ਜੁਗਿੰਦਰ ਸਿੰਘ ਏਐਸਆਈ, ਜਸਪਾਲ ਚਾਹਲ, ਕੁਲਵੰਤ ਸਿੰਘ ਪੰਚ, ਪ੍ਰਭਜੋਤ ਕੌਰ ਪੰਚ, ਗਗਨਦੀਪ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਕੁਲਵੀਰ ਕੌਰ ਪੰਚ, ਸਰਬਜੀਤ ਸਾਬੀ, ਅਮਰਜੀਤ ਕੁਮਾਰ ਅੰਬਾ ਆਦਿ ਹੋਰ ਹਾਜ਼ਰ ਸਨ।