ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦੱਲ ਵਲੋਂ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਭਾਰੀ ਧਰਨਾ ਦਿਤਾ ਗਿਆ। ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ 'ਚ ਦਿਤੇ ਗਏ ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਜੋਸ਼ ਨਾਲ ਭਰੇ ਵਰਕਰਾਂ ਨੇ ਕਾਂਗਰਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਭਾਈ ਚਾਵਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀਆਂ ਝੂਠੀਆਂ ਕਸਮਾਂ ਖਾ ਕੇ ਸਰਕਾਰ ਲਿਆਉਂਦੀ ਪਰ ਅਫਸੋਸ ਪੰਜਾਬ ਦੀ ਜਨਤਾ ਨੂੰ ਨਸ਼ਿਆਂ ਤੋਂ ਛੁਟਕਾਰਾ ਨਹੀ ਮਿਲਿਆ। ਅੱਜ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਬੇਰੁਜਗਾਰੀ ਦੀ ਮਾਰ ਪੈਣ ਕਰਕੇ ਨਸ਼ਿਆਂ ਨੇ ਘੇਰ ਲਿਆ। ਪਾਬੰਦੀ ਸ਼ੁਦਾ ਨਸ਼ੇ ਆਮ ਮਿਲਣ ਕਰਕੇ ਲੋਕ ਸਰਕਾਰ ਨੂੰ ਪਾਣੀ ਪੀ ਪੀ ਕੋਸ ਰਹੇ ਹਨ ਪਰ ਸਰਕਾਰ ਤੇ ਇਸਦਾ ਕੋਈ ਅਸਰ ਨਹੀ। ਉਨ੍ਹਾਂ ਕਿਹਾ ਘਰ ਘਰ ਨੋਕਰੀ ਦਾ ਵਾਅਦਾ ਵੀ ਫੋਕਾ ਲਾਰਾ ਸਾਬਤ ਹੋਇਆ। ਵੱਡੀ ਗਿਣਤੀ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਰਕੇ ਧੱਕੇ ਖਾਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਨੌਜਵਾਨ ਘਰ ਦੀਆਂ ਜਮੀਨਾਂ ਵੇਚ ਕੇ ਵਿਦੇਸ਼ ਜਾਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਹੋਰ ਤਾਂ ਹੋਰ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਕੈਪਟਨ ਸਰਕਾਰ ਨੇ ਬੰਦ ਕਰ ਦਿਤੀਆਂ। ਭਾਈ ਚਾਵਲਾ ਨੇ ਕਿਹਾ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਤੇ ਹੁਣ ਦੁਬਾਰਾ ਅਕਾਲੀ ਸਰਕਾਰ ਲਿਆਉਣ ਲਈ ਉਤਾਵਲੇ ਹਨ। ਅਕਾਲੀ ਦੱਲ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਸੰਦੀਪ ਸਿੰਘ ਕਲੌਤਾ, ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ, ਠੇਕੇਦਾਰ ਗੁਰਨਾਮ ਸਿੰਘ, ਜਥੇਦਾਰ ਸੰਤੋਖ ਸਿੰਘ, ਜਥੇਦਾਰ ਰਾਮ ਸਿੰਘ ਨੇ ਵੀ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਦੀਆਂ ਨੀਤੀਆਂ ਦਾ ਸਖਤ ਵਿਰੋਧ ਕੀਤਾ। ਆਗੂਆਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਖਿਲਾਫ ਇਕਮੁਠ ਹੋ ਕੇ ਇਸ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਜਾਵੇ ਤਾਂ ਜੋ ਪੰਜਾਬ ਨੂੰ ਬਣਦੇ ਹੱਕ ਮਿਲ ਸਕਣ। ਇਸ ਮੋਕੇ ਮਨਿੰਦਰਪਾਲ ਸਿੰਘ ਮਨੀ, ਮਨਜੀਤ ਸਿੰਘ ਬਾਸੋਵਾਲ, ਹਰਜੀਤ ਸਿੰਘ ਅਚਿੰਤ, ਸੁਰਿੰਦਰ ਸਿੰਘ ਮਟੌਰ, ਰਾਮ ਆਸਰਾ ਸਿੰਘ, ਸੁਰਿੰਦਰ ਕੌਰ, ਹਰਜਿੰਦਰ ਕੌਰ, ਜਸਵਿੰਦਰ ਕੌਰ ਸੱਗੂ, ਦਵਿੰਦਰ ਸਿੰਘ ਢਿੱਲੋਂ, ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ। ਭਾਜਪਾ ਨਾਲੋਂ ਟੁੱਟਣ 'ਤੇ ਖੁਸ਼ ਅਕਾਲੀ ਵਰਕਰ ਧਰਨੇ ਦੋਰਾਨ ਅਕਾਲੀ ਵਰਕਰ ਪੂਰੇ ਜੋਸ਼ ਵਿਚ ਸਨ ਤੇ ਇਹ ਜੋਸ਼ ਭਾਜਪਾ ਨਾਲੋਂ ਤੋੜ ਵਿਛੋੜਾ ਕਰਨ ਕਰਕੇ ਹੋਇਆ। ਇਸ ਸਬੰਧੀ ਅਕਾਲੀ ਵਰਕਰਾਂ ਨੇ ਕਿਹਾ ਕਿ ਪਹਿਲਾਂ ਭਾਜਪਾ ਵਲੋਂ ਇਸ ਇਲਾਕੇ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੀ ਜਿਸ ਕਰਕੇ ਅਕਾਲੀ ਵਰਕਰ ਮਾਯੂਸ ਸਨ ਪਰ ਹੁਣ ਅਕਾਲੀ ਵਰਕਰ ਪੂਰੇ ਜੋਸ਼ ਵਿਚ ਹਨ ਤੇ ਭਾਜਪਾ ਨਾਲੋਂ ਤੋੜ ਵਿਛੋੜਾ ਕਰਕੇ ਖੁਸ਼ ਨਜ਼ਰ ਆ ਰਹੇ ਸਨ।

Posted By: Rajnish Kaur