ਵਾਈਲਡ ਲਾਈਫ ਸੈਂਚੂਰੀ ਦਾ ਹੋਵੇਗਾ ਵਿਸਥਾਰ : ਹਰਜੋਤ ਸਿੰਘ ਬੈਂਸ
ਸ੍ਰੀ ਅਨੰਦਪੁਰ ਸਾਹਿਬ ਨੂੰ ਵੱਡੀ ਸੌਗਾਤ
Publish Date: Tue, 09 Jun 2026 06:00 PM (IST)
Updated Date: Tue, 09 Jun 2026 06:02 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਲਗਭਗ 6 ਕਿਲੋਮੀਟਰ ਦੂਰ ਸਥਿਤ “ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਈਲਡ ਲਾਈਫ ਸੈਂਚੂਰੀ” ਨੂੰ ਈਕੋ-ਟੂਰਿਜ਼ਮ ਪ੍ਰੋਜੈਕਟ ਅਧੀਨ ਨਵੀਂ ਪਛਾਣ ਦਿੱਤੀ ਜਾ ਰਹੀ ਹੈ। ਇਸ ਪ੍ਰੋਜੈਕਟ ‘ਤੇ ਕੁੱਲ 5.36 ਕਰੋੜ ਰੁਪਏ ਦੀ ਲਾਗਤ ਆਏਗੀ, ਜਿਸ ਨਾਲ ਇਸ ਸੈਂਚੂਰੀ ਨੂੰ ਆਧੁਨਿਕ ਅਤੇ ਆਕਰਸ਼ਕ ਬਣਾਇਆ ਜਾਵੇਗਾ। ਇਹ ਕਦਮ ਨਾ ਸਿਰਫ਼ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ, ਸਗੋਂ ਪੰਜਾਬ ਦੇ ਵਾਤਾਵਰਣ ਸੁਰੱਖਿਆ ਉਪਰਾਲਿਆਂ ਨੂੰ ਵੀ ਮਜ਼ਬੂਤੀ ਦੇਵੇਗਾ। ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਤੇ ਫਿਰ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਬਣੇ ਕੌਂਸਲਰ ਹਰਜੀਤ ਸਿੰਘ ਜੀਤਾ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ, ਇਸ ਪ੍ਰੋਜੈਕਟ ਦੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਕਈ ਨਵੀਆਂ ਅਤੇ ਵਿਸ਼ੇਸ਼ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ। ਖਾਸ ਤੌਰ ‘ਤੇ ਲੀਓਪਾਰਡ ਸਫਾਰੀ ਦੀ ਸਥਾਪਨਾ ਕੀਤੀ ਜਾਵੇਗੀ, ਜੋ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਵਾਈਲਡ ਲਾਈਫ ਸੈਂਚੂਰੀ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਾਚ ਟਾਵਰ ਅਤੇ ਨੇਚਰ ਟਰੇਲਸ ਵੀ ਬਣਾਏ ਜਾਣਗੇ, ਤਾਂ ਜੋ ਸੈਲਾਨੀ ਜੰਗਲੀ ਜੀਵਨ ਨੂੰ ਸੁਰੱਖਿਅਤ ਅਤੇ ਨੇੜੇ ਤੋਂ ਵੇਖ ਸਕਣ। ਇਹ ਸਹੂਲਤਾਂ ਪ੍ਰਾਕ੍ਰਿਤਿਕ ਸੁੰਦਰਤਾ ਦੇ ਦਰਸ਼ਨ ਨੂੰ ਹੋਰ ਵੀ ਰੁਚਿਕਰ ਅਤੇ ਯਾਦਗਾਰ ਬਣਾਉਣਗੀਆਂ। ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ’ਤੇ ਕੌਂਸਲਰ ਇੰਦਰਜੀਤ ਸਿੰਘ ਅਰੋੜਾ ਨੇ ਸਰਕਾਰ ਦੇ ਉਕਤ ਫੈਸਲੇ ਦੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਹਲਕਾ ਵਿਧਾਇਕ ’ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾ ਸਦਕਾ ਇਲਾਕਾ ਤਰੱਕੀ ਦੀਆਂ ਲੀਹਾਂ ’ਤੇ ਚੱਲ ਰਿਹਾ ਹੈ,ਇਹ ਪ੍ਰੋਜੈਕਟ ਸ੍ਰੀ ਅਨੰਦਪੁਰ ਸਾਹਿਬ ਨੂੰ ਇੱਕ ਨਵਾਂ ਟੂਰਿਜ਼ਮ ਹੱਬ ਬਣਾਉਣ ਵੱਲ ਵੱਡਾ ਕਦਮ ਹੈ। ਉਨ੍ਹਾਂ ਦੱਸਿਆ ਕਿ ਮਾਤਾ ਨੈਣਾ ਦੇਵੀ ਮੰਦਰ ਜਾਣ ਵਾਲੇ ਰਸਤੇ ‘ਤੇ ਸਥਿਤ ਇਹ ਸੈਂਚੂਰੀ ਪਹਿਲਾਂ ਹੀ ਭੂਗੋਲਿਕ ਤੌਰ ‘ਤੇ ਮਹੱਤਵਪੂਰਨ ਹੈ ਅਤੇ ਹੁਣ ਇਸ ਦੇ ਵਿਕਾਸ ਨਾਲ ਇਹ ਸੈਲਾਨੀਆਂ ਲਈ ਹੋਰ ਵੀ ਆਕਰਸ਼ਕ ਬਣੇਗੀ। ਇਸ ਨਾਲ ਧਾਰਮਿਕ ਸੈਰ-ਸਪਾਟੇ ਦੇ ਨਾਲ-ਨਾਲ ਕੁਦਰਤੀ ਸੈਰ-ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ। ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਪ੍ਰਧਾਨ ਤੇ ਕੌਂਸਲਰ ਦੀਪਕ ਆਂਗਰਾ ਨੇ ਕਿਹਾ ਕਿ ਇਸ ਯੋਜਨਾ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣ ਦੀ ਸੰਭਾਵਨਾ ਹੈ। ਸੈਰ-ਸਪਾਟੇ ਵਿੱਚ ਵਾਧੇ ਨਾਲ ਹੋਟਲ, ਗਾਈਡ ਸੇਵਾਵਾਂ, ਟਰਾਂਸਪੋਰਟ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਕੰਮ ਦੇ ਮੌਕੇ ਵਧਣਗੇ। ਇਸ ਨਾਲ ਇਲਾਕੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ ਅਤੇ ਨੌਜਵਾਨਾਂ ਨੂੰ ਆਪਣੇ ਹੀ ਇਲਾਕੇ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ। ਅੰਤ ਵਿੱਚ, ਇਹ ਈਕੋ-ਟੂਰਿਜ਼ਮ ਪ੍ਰੋਜੈਕਟ ਪੰਜਾਬ ਦੀ ਕੁਦਰਤੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਉਸਨੂੰ ਉਜਾਗਰ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਈਲਡ ਲਾਈਫ ਸੈਂਚੂਰੀ ਦਾ ਇਹ ਨਵਾਂ ਰੂਪ ਸੂਬੇ ਦੇ ਟੂਰਿਜ਼ਮ ਨਕਸ਼ੇ ‘ਤੇ ਇੱਕ ਮਹੱਤਵਪੂਰਨ ਸਥਾਨ ਬਣੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੂੰ ਆਪਣੀ ਵੱਲ ਆਕਰਸ਼ਿਤ ਕਰੇਗੀ। ਕੈਪਸ਼ਨ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ,, ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ , ਵਪਾਰ ਵਿੰਗ ਦੇ ਪ੍ਰਧਾਨ ਦੀਪਕ ਆਂਗਰਾਂ ।