ਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ : ਸਿਹਤ ਵਿਭਾਗ ਪੰਜਾਬ ਦੇ ਸਟੈਨੋ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਬੂਟਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਟੈਨੋਆਂ ਦੀ ਪਦਉੱਨਤੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ 15 ਮਾਰਚ 2015 ਦੇ ਹੁਕਮਾਂ ਅਨੁਸਾਰ ਸਟੈਨੋ ਟਾਇਪਿਸਟ ਦੀ ਪਦਉੱਨਤੀ ਲਈ ਟੈਸਟ ਦੇਣ ਦੀ ਜੋ ਸ਼ਰਤ ਲਾਈ ਗਈ ਹੈ, ਉਹ ਬਿਨਾਂ ਕਿਸੇ ਜ਼ਮੀਨੀ ਹਕੀਕਤ ਨੂੰ ਸਮਝੇ ਬਗੈਰ ਲਗਾਈ ਗਈ, ਜਦੋਂ ਕਿ ਕਲਰਕ ਤੋਂ ਸੁਪਰਡੈਂਟ ਅਤੇ ਸਿਹਤ ਵਿਭਾਗ ਵਿਚ ਹੋਰ ਕਿਸੇ ਕੈਟਾਗਰੀ ਲਈ ਟੈਸਟ ਦੀ ਕੋਈ ਸ਼ਰਤ ਨਿਰਧਾਰਤ ਨਹੀਂ ਕੀਤੀ ਗਈ ਹੈ ਪਰ ਇਹ ਰੂਲ ਸਿਵਲ ਸਕੱਤਰੇਤ ਵਿਚ ਪਹਿਲਾਂ ਹੀ ਲਾਗੂ ਹਨ, ਕਿਉਂਕਿ ਉੱਥੇ ਨਾਰਮ ਮੁਤਾਬਕ ਸਟੈਨੋ ਕੈਟਾਗਰੀ ਦੀਆਂ ਅਸਾਮੀਆਂ ਪ੍ਰਵਾਨਤ ਹਨ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੀ ਤਰ੍ਹਾਂ 50 ਫ਼ੀਸਦੀ ਅਸਾਮੀਆਂ ਨੂੰ ਜੂਨੀਅਰ ਸਕੇਲ ਸਟੈਨੋਗ੍ਰਾਫਰ ਅਪਗ੍ਰੇਡ ਕਰਨ ਲਈ ਤਜ਼ਜਵੀਜ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਸਰਕਾਰ ਨੂੰ ਭੇਜੀ ਹੋਈ ਹੈ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਲਾਗੂ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸਿਵਲ ਸਰਜਨ ਦਫ਼ਤਰਾਂ 'ਚ ਅਤੇ 100 ਤੋਂ 200 ਬੈੱਡ ਵਾਲੇ ਹਸਪਤਾਲਾਂ ਵਿਚ ਇਕ-ਇਕ ਅਸਾਮੀ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀ ਰਚਨਾ ਕਰਨ ਦੇ ਕੇਸ ਵੀ ਪੈਂਡਿੰਗ ਪਏ ਹਨ। ਯੂਨੀਅਨ ਦੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੂੰ 15 ਮਾਰਚ 2015 ਦੇ ਰੂਲਾਂ ਵਿਚ ਸੋਧ ਕਰਕੇ ਸਟੈਨੋ ਕੇਡਰ ਦੇ ਕਰਮਚਾਰੀਆਂ ਦੀ ਪਦਉੱਨਤੀ ਸੀਨੀਆਰਤਾ ਦੇ ਅਧਾਰ 'ਤੇ ਆਪਣੇ ਕੇਡਰ ਵਿਚ ਅਤੇ 1961 ਦੇ ਰੂਲਾਂ ਅਨੁਸਾਰ ਕਲੈਰੀਕਲ ਕੇਡਰ ਵਿਚ ਕਰਨੀ ਚਾਹੀਦੀ ਹੈ, ਕਿਉਂਕਿ 35 ਤੋਂ 40 ਸਾਲ ਦੀ ਸੇਵਾ ਕਰਨ ਉਪਰੰਤ ਸਟੈਨੋ ਕੇਡਰ ਦੇ ਕਰਮਚਾਰੀ ਆਪਣੇ ਮੁੱਢਲੇ ਤਨਖਾਹ ਸਕੇਲ ਵਿਚ ਹੀ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਟੈਨੋ ਐਸੋਸੀਏਸ਼ਨ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਅਮਰਿੰਦਰ ਸਿੰਘ, ਕੁਲਜੀਤ ਸਿੰਘ, ਮਨੋਹਰ ਸਿੰਘ ਰਮਨਪ੍ਰਰੀਤ ਹੁੰਦਲ, ਹਰਦੀਪ ਸਿੰਘ, ਕਮਲਾ ਰਾਣੀ, ਹਰਪ੍ਰਰੀਤ ਕੌਰ, ਗੁਰਜੀਤ ਸਿੰਘ, ਸੁਰਰਜੀਤ ਸਿੰਘ ਅਤੇ ਗੁਰਦੀਪ ਕੌਰ ਆਦਿ ਹਾਜ਼ਰ ਸਨ।