ਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ 25 ਅਕਤੂਬਰ ਨੰੂ ਦੁਸਹਿਰੇ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇੱਥੋਂ ਦੇ ਡੀਐੱਸਪੀ ਸੁਖਜੀਤ ਸਿੰਘ ਵਿਰਕ ਨੇ ਜੋੜ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆ ਦੱਸਿਆ ਕਿ ਕੱਲ੍ਹ 25 ਅਕਤੂਬਰ ਨੰੂ ਸ੍ਰੀ ਚਮਕੌਰ ਸਾਹਿਬ ਦੇ ਮੇਲੇ ਵਿਚ ਵੱਡੀ ਪੱਧਰ 'ਤੇ ਸੰਗਤਾਂ ਦੇ ਆਉਣ ਦੀ ਸੰਭਾਵਨਾ ਨੰੂ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿੱਲ ਚੌਧਰੀ ਵੱਲੋਂ ਸੁਰੱਖਿਅਤ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਨੰੂ ਅਲੱਗ-ਅਲੱਗ ਸੈਕਟਰਾਂ ਵਿਚ ਬਦਲ ਦਿੱਤਾ ਗਿਆ ਹੈ। ਵਿਰਕ ਨੇ ਦੱਸਿਆ ਕਿ ਮੇਲੇ ਦੌਰਾਨ ਸ੍ਰੀ ਚਮਕੌਰ ਸਾਹਿਬ ਦੀ ਪੁਲਿਸ ਫੋਰਸ ਤੋਂ ਇਲਾਵਾ ਜ਼ਿਲ੍ਹੇ 'ਚੋਂ 1 ਐੱਸਪੀ, 4 ਡੀਐੱਸਪੀ, 8 ਇੰਸਪੈਕਟਰ, 33 ਸਹਾਇਕ ਥਾਣੇਦਾਰ, 175 ਹੌਲਦਾਰ ਤੇ ਸਿਪਾਹੀ, 30 ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਸਮੇਤ ਵੱਡੀ ਗਿਣਤੀ ਲੇਡੀਜ਼ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਦੋਂ ਕਿ ਦਰਜਨ ਦੇ ਕਰੀਬ ਪੁਲੀਸ ਮੁਲਾਜ਼ਮ ਇਸ ਮੇਲੇ ਦੌਰਾਨ ਸਿਵਲ ਵਰਦੀ ਵਿਚ ਸ਼ਰਾਰਤੀ ਅਨਸਰਾਂ 'ਤੇ ਸਖ਼ਤ ਨਿਗਰਾਨੀ ਰੱਖਣਗੇ ਤਾਂ ਜੋ ਕਿ ਕੋਈ ਮਾੜੀ ਘਟਨਾ ਨਾ ਵਾਪਰ ਸਕੇ।

ਐੱਸਡੀਐੱਮ ਹਰਪ੍ਰਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਮੇਲੇ ਦੌਰਾਨ ਸਿਹਤ ਵਿਭਾਗ ਦੇ ਅਮਲੇ ਨੰੂ ਹਸਪਤਾਲ ਵਿਚ ਹਾਜ਼ਰ ਰਹਿਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਨਗਰ ਪੰਚਾਇਤ ਨੰੂ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਅਤੇ ਆਰਜੀ ਪਖ਼ਾਨਿਆਂ ਦੇ ਬੰਦੋਬਸਤ ਕਰਨ ਦੀ ਹਦਾਇਤ ਕੀਤੀ ਗਈ ਹੈ। ਅਧਿਕਾਰੀਆਂ ਨੇ ਇਸ ਸ਼ੁੱਭ ਦਿਹਾੜੇ 'ਤੇ ਆਉਣ ਵਾਲੀ ਸੰਗਤ ਨੰੂ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ਅਨੁਸਾਰ ਮਾਸਕ ਲਾ ਕੇ ਹੀ ਆਉਣ। ਦੂਜੇ ਪਾਸੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜ਼ਰ ਭਾਈ ਨੱਥਾ ਸਿੰਘ ਨੇ ਦੱਸਿਆ ਕਿ ਦੁਸਹਿਰੇ ਦੇ ਸ਼ੁੱਭ ਅਵਸਰ 'ਤੇ ਕੱਲ੍ਹ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ ਹਨ, ਜਿਨ੍ਹਾਂ ਦੇ ਭੋਗ 25 ਅਕਤੂਬਰ ਨੰੂ ਦੁਸਹਿਰੇ ਵਾਲੇ ਦਿਨ ਸਵੇਰੇ 10 ਵਜੇ ਦੇ ਲਗਭਗ ਪਾਏ ਜਾਣਗੇ, ਜਦੋਂ ਕਿ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਦੀ ਸਟੇਜ਼ ਤੋਂ ਸਾਬਕਾ ਸੰਸਦ ਮੈਂਬਰ ਪ੍ਰਰੋ. ਪ੍ਰਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਅਤੇ ਹਲਕਾ ਇੰਚਾਰਜ਼ ਹਰਮੋਹਣ ਸਿੰਘ ਸੰਧੂ ਸਮੇਤ ਕਈ ਹੋਰ ਆਗੂ ਸੰਗਤਾਂ ਨੰੂ ਸੰਬੋਧਨ ਕਰਨਗੇ।

ਫੋਟੋ-24ਆਰਪੀਆਰ 228ਪੀ

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਕੋਲ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡੀਐੱਸਪੀ ਸੁਖਜੀਤ ਸਿੰਘ ਵਿਰਕ।