ਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਦੇਸ਼ ਦੀਆਂ ਸਮੂਹ ਕਿਸਾਨ ਯੂਨੀਅਨਾਂ ਵੱਲੋਂ 5 ਨਵੰਬਰ ਨੰੂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਤੇ ਭਰਾਤਰੀ ਕਿਸਾਨ ਯੂਨੀਅਨਾਂ ਦੀ ਮੀਟਿੰਗ 27 ਅਕਤੂਬਰ ਨੰੂ ਦਿੱਲੀ ਵਿਖੇ ਕੀਤੀ ਜਾ ਰਹੀ ਹੈ, ਜਿਸ 'ਚ ਕੇਂਦਰ ਸਰਕਾਰ ਵਿਰੁੱਧ ਅਹਿਮ ਫੈਸਲੇ ਲੈ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਨੇ ਸ੍ਰੀ ਚਮਕੌਰ ਸਾਹਿਬ-ਰੂਪਨਗਰ ਸੜਕ 'ਤੇ ਪੈਂਦੇ ਪਿੰਡ ਕਮਾਲਪੁਰ ਦੇ ਟੋਲ ਪਲਾਜ਼ਾ 'ਤੇ ਅੱਜ 11ਵੇਂ ਦਿਨ ਵੀ ਕਿਸਾਨਾਂ ਵੱਲੋਂ ਲਾਏ ਹੋਏ ਧਰਨੇ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਮੂਹ ਕਿਸਾਨ ਯੂਨੀਅਨਾਂ ਅੱਗੇ ਕੇਂਦਰ ਸਰਕਾਰ ਨੰੂ ਝੁੱਕ ਕੇ ਪਾਸ ਕੀਤੇ ਕਾਨੂੰਨਾਂ ਨੰੂ ਵਾਪਸ ਲੈਣਾ ਪਵੇਗਾ ਅਤੇ 25 ਅਕਤੂਬਰ ਨੰੂ ਸੌਲਖੀਆਂ ਟੋਲ ਪਲਾਜ਼ੇ 'ਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ। ਸਹਾਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਸੂਬੇ ਭਰ ਅੰਦਰ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਰਕਾਰਾਂ ਸੁੱਤੀਆਂ ਹੋਈਆਂ ਹਨ। ਕਿਸਾਨ ਆਗੂ ਬਲਬੀਰ ਸਿੰਘ ਤੇ ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।

ਫੋਟੋ-24ਆਰਪੀਆਰ 227ਪੀ

ਕਮਾਲਪੁਰ ਟੋਲ ਪਲਾਜ਼ੇ 'ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।